
ਕੇਂਦਰੀ ਮੰਤਰੀਆਂ ਰਾਜਨਾਥ ਸਿੰਘ, ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਨੇ ਅੱਜ ਕਾਂਗਰਸ, ਖੱਬੀਆਂ ਧਿਰਾਂ ਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੂੰ ਚੀਨ ਨਾਲ ਸਰਹੱਦੀ ਟਕਰਾਅ ਅਤੇ
ਨਵੀਂ ਦਿੱਲੀ, 14 ਜੁਲਾਈ : ਕੇਂਦਰੀ ਮੰਤਰੀਆਂ ਰਾਜਨਾਥ ਸਿੰਘ, ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਨੇ ਅੱਜ ਕਾਂਗਰਸ, ਖੱਬੀਆਂ ਧਿਰਾਂ ਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੂੰ ਚੀਨ ਨਾਲ ਸਰਹੱਦੀ ਟਕਰਾਅ ਅਤੇ ਕਸ਼ਮੀਰ ਵਿਚਲੇ ਹਾਲਾਤ ਤੋਂ ਜਾਣੂ ਕਰਵਾਇਆ।
ਸੰਸਦ ਦੇ ਮਾਨਸੂਨ ਸੈਸ਼ਨ ਤੋਂ ਐਨ ਪਹਿਲਾਂ ਹੋਈ ਮੀਟਿੰਗ ਵਿਚ ਸਿੱਕਮ ਸੈਕਟਰ ਵਿਚ ਭਾਰਤ-ਚੀਨ ਦੀਆਂ ਫ਼ੌਜਾਂ ਦਰਮਿਆਨ ਚੱਲ ਰਹੇ ਟਕਰਾਅ ਅਤੇ ਕਸ਼ਮੀਰ ਵਿਚਲੇ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਵਲੋਂ ਉਠਾਏ ਜਾ ਰਹੇ ਕਦਮਾਂ ਬਾਰੇ ਦਸਿਆ ਗਿਆ। ਮੀਟਿੰਗ ਵਿਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਹਾਜ਼ਰ ਸਨ।
ਕਾਂਗਰਸ ਵਲੋਂ ਗੁਲਾਮ ਨਬੀ ਆਜ਼ਾਦ, ਮਲਿਕਾਰਜੁਨ ਖੜਗੇ ਨੇ ਮੀਟਿੰਗ ਵਿਚ ਹਿੱਸਾ ਲਿਆ ਜਦਕਿ ਸੀ.ਪੀ.ਐਮ. ਦੇ ਸੀਤਾਰਾਮ ਯੇਚੁਰੀ, ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਤਾਰਿਕ ਅਨਵਰ, ਜਨਤਾ ਦਲ-ਯੂ ਦੇ ਕੇ.ਸੀ. ਤਿਆਗੀ ਅਤੇ ਤ੍ਰਿਣਾਮੂਲ ਕਾਂਗਰਸ ਦੇ ਡੈਰੇਕ ਓ ਬ੍ਰਾਇਨ ਵੀ ਸਾਮਲ ਹੋਏ।
ਕੇਂਦਰ ਸਰਕਾਰ ਨੇ ਚੀਨ ਵਲੋਂ ਸਿੱਕਮ ਸੈਕਟਰ ਦੇ ਡੋਕਲਾਮ ਇਲਾਕੇ ਵਿਚ ਹਾਲਾਤ ਨੂੰ ਬਦਲਣ ਦੀਆਂ ਕੋਸ਼ਿਸ਼ਾਂ 'ਤੇ ਚਿੰਤਾ ਪ੍ਰਗਟ ਕੀਤੀ। ਭਾਰਤ ਅਤੇ ਚੀਨ ਵਿਚਾਲੇ ਤਿੰਨ ਹਫ਼ਤੇ ਪਹਿਲਾਂ ਟਕਰਾਅ ਸ਼ੁਰੂ ਹੋਇਆ ਸੀ ਜਦੋਂ ਚੀਨੀ ਫ਼ੌਜ ਨੇ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ।
ਜੰਮੂ-ਕਸ਼ਮੀਰ ਵਿਚ ਅਮਰਨਾਥ ਯਾਤਰਾ ਤੋਂ ਪਰਤ ਰਹੇ ਸੱਤ ਯਾਤਰੀਆਂ ਦੀ ਅਤਿਵਾਦੀਆਂ ਵਲੋਂ ਹਤਿਆ ਦੀ ਕੌਮਾਂਤਰੀ ਪੱਧਰ 'ਤੇ ਨਿਖੇਧੀ ਕੀਤੀ ਗਈ ਸੀ ਜਦਕਿ ਹਿਜ਼ਬੁਲ ਮੁਜਾਹਦੀਨ ਦੇ ਅਤਿਵਾਦੀ ਬੁਰਹਾਨ ਵਾਨੀ ਦੀ ਪਿਛਲੇ ਸਾਲ 8 ਜੁਲਾਈ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਹੋਈ ਮੌਤ ਮਗਰੋਂ ਵਾਦੀ ਵਿਚ ਪਥਰਾਅ ਅਤੇ ਹਿੰਸਕ ਝੜਪਾਂ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। (ਪੀਟੀਆਈ)