
ਅਸਾਮ ਵਿਧਾਨ ਸਭਾ ਚੋਣਾਂ ਦੌਰਾਨ ਸਾਹਮਣੇ ਆਇਆ ਹੇਰਾਫੇਰੀ ਦਾ ਮਾਮਲਾ
ਗੁਵਾਹਟੀ: ਵਿਧਾਨ ਸਭਾ ਚੋਣਾਂ ਦੇ ਚਲਦਿਆਂ ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਦੇ ਇਕ ਪੋਲਿੰਗ ਕੇਂਦਰ ਵਿਚ ਵੱਡੀ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਪੋਲਿੰਗ ਕੇਂਦਰ ’ਤੇ ਸਿਰਫ 90 ਵੋਟਰ ਰਜਿਸਟਰਡ ਹਨ ਪਰ ਈਵੀਐਮ ’ਤੇ ਕੁੱਲ 171 ਵੋਟਾਂ ਪਈਆਂ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਚੋਣ ਕਮਿਸ਼ਨ ਨੇ ਅਹਿਮ ਕਾਰਵਾਈ ਕਰਦੇ ਹੋਏ ਪੰਜ ਚੋਣ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
EVM
ਦੀਮਾ ਹਸਾਓ ਜ਼ਿਲ੍ਹਾ ਚੋਣ ਅਧਿਕਾਰੀ ਨੇ 107(A) ਖੋਟਲਿਰ ਲੋਅਰ ਪ੍ਰਾਇਮਰੀ ਸਕੂਲ ਪੋਲਿੰਗ ਬੂਥ ’ਤੇ ਦੁਬਾਰਾ ਚੋਣਾਂ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਇਹ ਬੂਥ ਹਾਫਲੌਂਗ ਵਿਧਾਨ ਸਭਾ ਖੇਤਰ ਵਿਚ ਪੈਂਦਾ ਹੈ। ਇਸ ਬੂਥ ਉੱਤੇ 1 ਅਪ੍ਰੈਲ ਨੂੰ ਦੂਜੇ ਪੜਾਅ ਵਿਚ ਵੋਟਿੰਗ ਹੋਈ ਸੀ।
Elections
ਰਾਜ ਦੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਸੈਕਟਰ ਅਫਸਰ, ਪ੍ਰੀਜਾਈਡਿੰਗ ਅਫਸਰ ਅਤੇ 4 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹਨਾਂ ਵਿਚ ਬੂਥ ਲੈਵਲ ਦੇ ਅਧਿਕਾਰੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਅਸਮ ਦੇ ਪਥਰਕੰਡੀ ਵਿਚ ਇਕ ਭਾਜਪਾ ਉਮੀਦਵਾਰ ਦੀ ਗੱਡੀ ਵਿਚ ਈਵੀਐਮ ਮਿਲਣ ਨਾਲ ਹੜਕੰਪ ਮਚ ਗਿਆ ਸੀ।
EVM
ਵਿਰੋਧੀਆਂ ਨੇ ਮਾਮਲੇ ਵਿਚ ਭਾਜਪਾ ਦੇ ਨਾਲ-ਨਾਲ ਚੋਣ ਕਮਿਸ਼ਨ ’ਤੇ ਵੀ ਹਮਲਾ ਬੋਲਿਆ ਸੀ। ਹਾਲਾਂਕਿ ਚੋਣ ਕਮਿਸ਼ਨ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਉਹਨਾਂ ਦੀ ਗੱਡੀ ਖਰਾਬ ਹੋ ਗਈ ਸੀ। ਇਸ ਤੋਂ ਬਾਅਦ ਚੋਣ ਅਧਿਕਾਰੀਆਂ ਨੇ ਭਾਜਪਾ ਉਮੀਦਵਾਰ ਦੀ ਗੱਡੀ ਵਿਚ ਲਿਫਟ ਲਈ। ਕਮਿਸ਼ਨ ਨੇ ਮਾਮਲੇ ਵਿਚ 4 ਅਧਿਕਾਰੀਆਂ ਨੂੰ ਮੁਅੱਤਲ ਵੀ ਕੀਤਾ ਹੈ। ਇਸ ਦੇ ਨਾਲ ਹੀ ਸਬੰਧਤ ਇਕ ਬੂਥ ’ਤੇ ਦੁਬਾਰਾ ਚੋਣਾਂ ਕਰਵਾਉ ਦਾ ਆਦੇਸ਼ ਦਿੱਤਾ ਹੈ।