
ਸਰਕਾਰੀ ਫੰਡਾਂ ਦੀ ਵੀ ਦੁਰਵਰਤੋਂ ਕਰਨ ਦਾ ਦੋਸ਼
ਭੋਪਾਲ : ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਇਕ ਮਿਸ਼ਨਰੀ ਹਸਪਤਾਲ ’ਚ ਬਰਤਾਨੀਆਂ ਤੋਂ ‘ਉੱਚ ਹੁਨਰਮੰਦ ਕਾਰਡੀਓਲੋਜਿਸਟ’ ਦੇ ਤੌਰ ’ਤੇ ਰੱਖੇ ਗਏ ਇਕ ਵਿਅਕਤੀ ’ਤੇ ਧੋਖਾਧੜੀ ਕਰਨ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀ ਵਿਅਕਤੀ, ਜਿਸ ਦਾ ਅਸਲੀ ਨਾਮ ਨਰਿੰਦਰ ਵਿਕਰਮਾਦਿੱਤਿਆ ਯਾਦਵ ਹੋ ਸਕਦਾ ਹੈ, ਨੇ ਕਥਿਤ ਤੌਰ ’ਤੇ ਖ਼ੁਦ ਨੂੰ ਯੂ.ਕੇ. ਦੇ ਡਾਕਟਰ ਐਨ. ਜੌਨ ਕੇਮ ਵਜੋਂ ਪੇਸ਼ ਕੀਤਾ। ਇਹ ਦੋਸ਼ ਲਗਾਇਆ ਗਿਆ ਹੈ ਕਿ ਹਸਪਤਾਲ ਨੇ ਉਸ ਨੂੰ ਨੌਕਰੀ ’ਤੇ ਰੱਖਿਆ ਹਾਲਾਂਕਿ ਉਸ ਕੋਲ ਜਾਇਜ਼ ਡਾਕਟਰੀ ਯੋਗਤਾ ਜਾਂ ਪੇਸ਼ੇਵਰ ਪ੍ਰਮਾਣ ਪੱਤਰ ਨਹੀਂ ਸਨ।
ਦਮੋਹ ਚਾਈਲਡ ਵੈਲਫੇਅਰ ਕਮੇਟੀ ਦੇ ਪ੍ਰਧਾਨ ਦੀਪਕ ਤਿਵਾੜੀ ਨੇ ਦੋਸ਼ ਲਾਇਆ ਕਿ ਬਰਤਾਨੀਆਂ ਦੇ ਕਾਰਡੀਓਲੋਜਿਸਟ ਡਾਕਟਰ ਐਨ. ਜੌਨ ਕੇਮ ਦਾ ਨਾਂ ਵੱਖਰਾ ਹੈ ਅਤੇ ਉਸ ਨੇ ਰੁਜ਼ਗਾਰ ਹਾਸਲ ਕਰਨ ਅਤੇ ਦਿਲ ਦੀਆਂ ਗੁੰਝਲਦਾਰ ਸਰਜਰੀਆਂ ਕਰਨ ਲਈ ਕਥਿਤ ਤੌਰ ’ਤੇ ਜਾਅਲੀ ਪ੍ਰਮਾਣ ਪੱਤਰਾਂ ਦੀ ਵਰਤੋਂ ਕੀਤੀ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯੰਕ ਕਨੂੰਗੋ ਨੇ ਦੋਸ਼ ਲਾਇਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ। ਕਨੂੰਗੋ ਨੇ ਅਪਣੇ ‘ਐਕਸ’ ਅਕਾਊਂਟ ’ਤੇ ਲਿਖਿਆ, ‘‘ਦਿਲ ਦੀ ਬਿਮਾਰੀ ਦੇ ਇਲਾਜ ਦੀ ਆੜ ’ਚ ਇਕ ਮਿਸ਼ਨਰੀ ਹਸਪਤਾਲ ’ਚ ਇਕ ਜਾਅਲੀ ਡਾਕਟਰ ਵਲੋਂ ਕੀਤੀ ਗਈ ਦਿਲ ਦੀ ਸਰਜਰੀ ਦੌਰਾਨ ਸੱਤ ਲੋਕਾਂ ਦੀ ਬੇਵਕਤੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਮੁਤਾਬਕ ਮਿਸ਼ਨਰੀ ਹਸਪਤਾਲ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਯੋਜਨਾ ਦੇ ਅਧੀਨ ਆਉਂਦਾ ਹੈ ਅਤੇ ਸਰਕਾਰੀ ਫੰਡਾਂ ਦੀ ਵੀ ਦੁਰਵਰਤੋਂ ਕੀਤੀ ਗਈ ਹੈ।’’
ਪੁਲਿਸ ਨੇ ਕਿਹਾ ਕਿ ਮੁਲਜ਼ਮ ਇਸ ਸਮੇਂ ਪੁਲਿਸ ਹਿਰਾਸਤ ’ਚ ਨਹੀਂ ਹੈ ਅਤੇ ਜਾਂਚ ਜਾਰੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਪਹਿਲਾਂ ਦੋਸ਼ਾਂ ਦੀ ਜਾਂਚ ਕਰ ਰਹੇ ਹਾਂ ਅਤੇ ਫਿਰ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ।