
ਦੇਸ਼ ਨੇ ਸੋਚਿਆ ਕਿ ਬਾਕਸਰ ਬੇਰੁਜ਼ਗਾਰੀ ਨਾਲ ਲੜੇਗਾ
ਭਿਵਾਨੀ : ਹਰਿਆਣਾ ਦੇ ਭਿਵਾਨੀ ਵਿਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਵੇਂ ਅੰਦਾਜ਼ ਵਿਚ ਟਿੱਪਣੀ ਕੀਤੀ। ਮੋਦੀ ਦੀ ਨਿੰਦਾ ਕਰਦਿਆਂ ਰਾਹੁਲ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਹਿੰਦੁਸਤਾਨ ਨੇ ਨਰਿੰਦਰ ਮੋਦੀ ਦੇ ਰੂਪ ਵਿਚ ਰਿੰਗ 'ਚ ਇਕ ਬਾਕਸਰ ਭੇਜਿਆ। 56 ਇੰਚ ਦੀ ਛਾਤੀ ਵਾਲਾ ਬਾਕਸਰ ਰਿੰਗ ਵਿਚ ਉਤਾਰਿਆ। ਭੀੜ ਵਿਚ ਹਿੰਦੁਸਤਾਨ ਦੀ ਜਨਤਾ ਸੀ। ਦੇਸ਼ ਨੇ ਸੋਚਿਆ ਕਿ ਬਾਕਸਰ ਬੇਰੁਜ਼ਗਾਰੀ ਨਾਲ ਲੜੇਗਾ, 15 ਲੱਖ ਖਾਤੇ ਵਿਚ ਪਾਵੇਗਾ।
Narendra Modi
ਰਾਹੁਲ ਨੇ ਅੱਗੇ ਕਿਹਾ ਮੋਦੀ ਜੀ ਬੇਰੁਜ਼ਗਾਰੀ, ਕਿਸਾਨਾਂ ਦੇ ਮੁੱਦੇ, ਭ੍ਰਿਸ਼ਟਾਚਾਰ ਅਤੇ ਹੋਰ ਮੁੱਦਿਆਂ ਨਾਲ ਮੁਕਾਬਲਾ ਕਰਨ ਲਈ ਰਿੰਗ ਵਿਚ ਉਤਰੇ ਸਨ। ਉਥੇ ਨਰਿੰਦਰ ਮੋਦੀ ਦੇ ਕੋਚ ਅਡਵਾਨੀ ਜੀ ਅਤੇ ਗਡਕਰੀ ਵਰਗੇ ਟੀਮ ਦੇ ਹੋਰ ਮੈਂਬਰ ਵੀ ਸਨ। ਮੋਦੀ ਜੀ ਰਿੰਗ ਵਿਚ ਆਏ ਅਤੇ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਕੰਮ ਕੋਚ ਅਡਵਾਨੀ ਦੇ ਚਿਹਰੇ 'ਤੇ ਮੁੱਕਾ ਮਾਰਿਆ। ਅਡਵਾਨੀ ਜੀ ਹੈਰਾਨ ਰਹਿ ਗਏ। ਫਿਰ ਉਹ ਅਪਣੀ ਟੀਮ ਦੇ ਪਿੱਛੇ ਦੌੜਿਆ। ਗਡਕਰੀ ਜੀ, ਜੇਤਲੀ ਜੀ, ਇਕ-ਇਕ ਕਰ ਕੇ ਸਾਰਿਆਂ ਨੂੰ ਮਾਰਿਆ।
Rahul Gandhi
ਰਾਹੁਲ ਨੇ ਕਿਹਾ ਕਿ ਬਾਕਸਰ ਭੀੜ ਵਿਚ ਜਾ ਵੜਿਆ ਅਤੇ ਛੋਟੇ ਦੁਕਾਨਦਾਰਾਂ ਨੂੰ ਫੜਿਆ ਅਤੇ ਨੋਟਬੰਦੀ ਅਤੇ ਗੱਬਰ ਟੈਕਸ (ਜੀ. ਐਸ. ਟੀ.) ਲਾਏ। ਫਿਰ ਬਾਕਸਰ ਕਿਸਾਨਾਂ ਕੋਲ ਪਹੁੰਚਿਆ। ਕਿਸਾਨਾਂ ਨੇ ਕਰਜ਼ ਅਤੇ ਸਹੀ ਮੁੱਲ ਦੀ ਗੱਲ ਕੀਤੀ। ਬਾਕਸਰ ਨੇ ਕਿਸਾਨਾਂ ਦੇ ਮੂੰਹ 'ਤੇ ਦੋ ਮੁੱਕੇ ਮਾਰੇ। ਜਨਤਾ ਨੇ ਵੇਖਿਆ ਕਿ ਇਸ ਬਾਕਸਰ ਨੂੰ ਸਮਝ ਹੀ ਨਹੀਂ ਆ ਰਿਹਾ ਹੈ ਕਿ ਇਸ ਨੂੰ ਰਿੰਗ ਵਿਚ ਕਿਸ ਚੀਜ਼ ਨਾਲ ਲੜਨਾ ਹੈ। ਇਸ ਤਰ੍ਹਾਂ ਰਾਹੁਲ ਗਾਂਧੀ ਨੇ ਪਹਿਲਵਾਨਾਂ ਦੀ ਧਰਤੀ ਹਰਿਆਣਾ ਤੋਂ ਬਾਕਸਰ ਅਤੇ ਰਿੰਗ ਦਾ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ 'ਤੇ ਵਿਅੰਗ ਕੀਤਾ ਅਤੇ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ।