
ਪਟਰੌਲ ਵਿਚ 1.67 ਤੇ ਡੀਜ਼ਲ ਵਿਚ 7.10 ਰੁਪਏ ਦਾ ਵਾਧਾ
ਨਵੀਂ ਦਿੱਲੀ, 5 ਮਈ : ਦਿੱਲੀ ਸਰਕਾਰ ਨੇ ਤੇਲ 'ਤੇ ਵੈਟ ਵਧਾ ਦਿਤਾ ਹੈ। ਦਿੱਲੀ ਵਿਚ ਪਟਰੌਲ ਹੁਣ 1.67 ਰੁਪਏ ਅਤੇ ਡੀਜ਼ਲ 7.10 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ ਜਿਸ ਨਾਲ ਦਿੱਲੀ ਵਿਚ ਡੀਜ਼ਲ ਦੀ ਕੀਮਤ ਮਹਾਂਨਗਰਾਂ ਵਿਚੋਂ ਸੱਭ ਤੋਂ ਜ਼ਿਆਦਾ ਹੋ ਗਈ ਹੈ ਜਦਕਿ ਪਟਰੌਲ ਹਾਲੇ ਵੀ ਸਾਰੇ ਮੈਟਰੋ ਸ਼ਹਿਰਾਂ ਮੁਕਾਬਲੇ ਸਸਤਾ ਹੈ। ਡੀਜ਼ਲ ਦੀ ਨਵੀਂ ਕੀਮਤ 69.39 ਰੁਪਏ ਪ੍ਰਤੀ ਲਿਟਰ ਹੋਵੇਗੀ ਜੋ ਪਹਿਲਾਂ 62.29 ਰੁਪਏ ਪ੍ਰਤੀ ਲਿਟਰ ਸੀ। ਪਟਰੌਲ ਦੀ ਕੀਮਤ 71.26 ਰੁਪਏ ਲਿਟਰ ਹੋ ਗਈ ਹੈ ਜੋ ਪਹਿਲਾਂ 69.59 ਰੁਪਏ ਪ੍ਰਤੀ ਲਿਟਰ ਸੀ।
File photo
ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਪਟਰੌਲ 'ਤੇ ਹੁਣ ਵੈਟ 27 ਫ਼ੀ ਸਦੀ ਤੋਂ ਵਧਾ ਕੇ 30 ਫ਼ੀ ਸਦੀ ਅਤੇ ਡੀਜ਼ਲ 'ਤੇ 16.75 ਫ਼ੀ ਸਦੀ ਤੋਂ 30 ਫ਼ੀ ਸਦੀ ਕਰ ਦਿਤਾ ਗਿਆ ਹੈ। ਇਸ ਵਾਧੇ ਨਾਲ ਦਿੱਲੀ ਸਰਕਾਰ ਨੂੰ ਸਾਲਾਨਾ 900 ਕਰੋੜ ਰੁਪਏ ਤੋਂ ਵੱਧ ਦੀ ਵਾਧੂ ਆਮਦਨ ਹੋਣ ਦੀ ਉਮੀਦ ਹੈ। ਦਿੱਲੀ ਤੋਂ ਇਲਾਵਾ ਕਿਸੇ ਹੋਰ ਸ਼ਹਿਰ ਵਿਚ ਪਟਰੌਲ ਤੇ ਡੀਜ਼ਲ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਹੋਇਆ। ਅੰਤਰਰਾਸ਼ਟਰੀ ਤੇਲ ਬਾਜ਼ਾਰ ਵਿਚ ਭਾਰੀ ਉਥਲ-ਪੁਥਲ ਕਾਰਨ ਸਰਕਾਰੀ ਤੇਲ ਕੰਪਨੀਆਂ ਨੇ ਪਟਰੌਲ ਤੇ ਡੀਜ਼ਲ ਦੀ ਕੀਮਤ ਨੂੰ ਸਥਿਰ ਰਖਿਆ ਹੋਇਆ ਹੈ। (ਏਜੰਸੀ)