ਮੁੱਖ ਮੰਤਰੀ ਨੇ ਘਟਨਾ ਦਾ ਨੋਟਿਸ ਲੈ ਕੇ ਅਧਿਕਾਰੀਆਂ ਨੂੰ ਬੱਚੀ ਸੁਰੱਖਿਅਤ ਬਾਹਰ ਕੱਢਣਾ ਯਕੀਨੀ ਕਰਨ ਨੂੰ ਕਿਹਾ
ਸੀਹੋਰ (ਮੱਧ ਪ੍ਰਦੇਸ਼): ਜ਼ਿਲ੍ਹੇ ਦੇ ਇਕ ਪਿੰਡ ’ਚ ਮੰਗਲਵਾਰ ਨੂੰ ਢਾਈ ਸਾਲ ਦੀ ਇਕ ਬੱਚੀ 300 ਫੁਟ ਡੂੰਘੇ ਬੋਰਵੈੱਲ ’ਚ ਡਿੱਗ ਗਈ। ਪ੍ਰਸ਼ਾਸਨ ਬੱਚੀ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ’ਚ ਲੱਗਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਬੱਚੀ 20 ਫ਼ੁੱਟ ਦੀ ਡੂੰਘਾਈ ’ਤੇ ਫਸੀ ਹੋਈ ਹੈ। ਉਨ੍ਹਾਂ ਕਿਹਾ ਕਿ ਘਟਨਾ ਅੱਜ ਦੁਪਹਿਰ ਮੁੰਗਾਵਲੀ ਪਿੰਡ ਦੀ ਹੈ ਅਤੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ’ਚ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਬਚਾਅ ਮੁਹਿੰਮ ਜਾਰੀ ਹੈ।
ਸੀਹੋਰ ਜ਼ਿਲ੍ਹੇ ਦੇ ਰਹਿਣ ਵਾਲੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਘਟਨਾ ਦਾ ਨੋਟਿਸ ਲੈ ਕੇ ਅਧਿਕਾਰੀਆਂ ਨੂੰ ਬੱਚੀ ਸੁਰੱਖਿਅਤ ਬਾਹਰ ਕੱਢਣਾ ਯਕੀਨੀ ਕਰਨ ਨੂੰ ਕਿਹਾ ਹੈ।
ਬੋਰਵੈੱਲ ਨੂੰ ਤਿੰਨ ਮਹੀਨੇ ਪਹਿਲਾਂ ਪੁੱਟਿਆ ਗਿਆ ਸੀ। ਢਾਈ ਸਾਲਾਂ ਦੀ ਰਾਣੀ ਉਸ ਵੇਲੇ ਖੇਤ ’ਚ ਖੇਡ ਰਹੀ ਸੀ ਜਦੋਂ ਉਹ ਖੁੱਲ੍ਹੇ ਬੋਰਵੈੱਲ ’ਚ ਡਿੱਗ ਗਈ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਸੰਪਰਕ ’ਚ ਹਨ।