
ਕਮਰੇ ਵਿਚ ਖੁਲ੍ਹੀ ਹਵਾ ਦੀ ਘਾਟ ਕਾਰਨ ਪਿਆ ਦੌਰਾ
ਇਕੋ ਚਿਖਾ 'ਚ ਕੀਤਾ ਗਿਆ ਪ੍ਰਤਾਪ ਤੇ ਪੁਸ਼ਪਾ ਦਾ ਅੰਤਿਮ ਸਸਕਾਰ
ਉੱਤਰ ਪ੍ਰਦੇਸ਼ : ਵਿਆਹ ਦੀ ਰਾਤ ਇਕ ਕਮਰੇ ਵਿਚ ਮ੍ਰਿਤਕ ਪਾਏ ਗਏ ਇਕ ਨਵ-ਵਿਆਹੇ ਜੋੜੇ ਦੀ ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਨ ਦਿਲ ਦਾ ਦੌਰਾ ਦਸਿਆ ਗਿਆ ਹੈ। ਜਾਣਕਾਰੀ ਅਨੁਸਾਰ ਪ੍ਰਤਾਪ ਯਾਦਵ (24) ਅਤੇ ਪੁਸ਼ਪਾ ਯਾਦਵ (22) ਦਾ ਵਿਆਹ 30 ਮਈ ਨੂੰ ਹੋਇਆ ਸੀ।
ਰਾਤ ਨੂੰ ਨਵ-ਵਿਆਹਿਆ ਜੋੜਾ ਅਪਣੇ ਕਮਰੇ ਵਿਚ ਗਿਆ ਪਰ ਅਗਲੀ ਸਵੇਰ ਦੋਵੇਂ ਮ੍ਰਿਤਕ ਪਾਏ ਗਏ। ਜੋੜੇ ਦਾ ਅੰਤਿਮ ਸੰਸਕਾਰ ਪਿੰਡ ਵਿਚ ਹੀ ਇਕੋ ਚਿਖਾ 'ਤੇ ਕੀਤਾ ਗਿਆ। ਬਹਿਰਾਇਚ ਦੇ ਪੁਲਿਸ ਸੁਪਰਡੈਂਟ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਸ਼ਨੀਵਾਰ ਸ਼ਾਮ ਨੂੰ ਆਈ ਪੋਸਟਮਾਰਟਮ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਜੋੜੇ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਅਨੀਸ਼ ਡੋਗਰਾ ਦੀ ਹੋਈ ਕੈਨੇਡਾ ਪੁਲਿਸ ਵਿਚ ਚੋਣ
ਐਸ.ਪੀ. ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਫੋਰੈਂਸਿਕ ਮਾਹਰਾਂ ਦੀ ਟੀਮ ਨੇ ਜੋੜੇ ਦੇ ਕਮਰੇ ਦੀ ਜਾਂਚ ਕੀਤੀ ਅਤੇ ਖ਼ੁਲਾਸਾ ਕੀਤਾ ਕਿ ਕਮਰੇ ਵਿਚ ਹਵਾਦਾਰੀ ਦੀ ਘਾਟ ਸੀ ਅਤੇ ਛੱਤ ਵਾਲੇ ਪੱਖੇ ਅਤੇ ਹਵਾ ਦੇ ਗੇੜ ਦੀ ਘਾਟ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕੁਮਾਰ ਨੇ ਕਿਹਾ ਕਿ ਜੋੜੇ ਦੇ ਸਰੀਰ 'ਤੇ ਕਮਰੇ ਵਿਚ ਜ਼ਬਰਦਸਤੀ ਦਾਖ਼ਲ ਹੋਣ ਜਾਂ ਸੱਟ ਦੇ ਨਿਸ਼ਾਨ ਨਹੀਂ ਸਨ। ਉਨ੍ਹਾਂ ਕਿਹਾ ਕਿ ਦੋਵਾਂ ਲਾਸ਼ਾਂ ਦਾ ਵਿਸਰਾ ਅਗਲੇਰੀ ਜਾਂਚ ਲਈ ਲਖਨਊ ਸਥਿਤ ਸਟੇਟ ਫੋਰੈਂਸਿਕ ਸਾਇੰਸ ਲੈਬਾਰਟਰੀ ਵਿਚ ਸੁਰੱਖਿਅਤ ਰਖਿਆ ਗਿਆ ਹੈ। ਪ੍ਰਵਾਰ ਵਲੋਂ ਅਜੇ ਤਕ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ।