
ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਨੇ ਉਮੀਦਵਾਰਾਂ ਦੀ ਨਾਮਜ਼ਦਗੀ ਦੇ ਨਾਲ ਦਾਇਰ ਹਲਫਨਾਮਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਇਹ ਜਾਣਕਾਰੀ ਦਿਤੀ
Lok Sabha Members News: 2024 ਦੀਆਂ ਲੋਕ ਸਭਾ ਚੋਣਾਂ 'ਚ ਚੁਣੇ ਗਏ ਉਮੀਦਵਾਰਾਂ 'ਚੋਂ 93 ਫ਼ੀ ਸਦੀ ਕਰੋੜਪਤੀ ਹਨ, ਜੋ 2019 ਦੇ 88 ਫ਼ੀ ਸਦੀ ਤੋਂ 5 ਫ਼ੀ ਸਦੀ ਜ਼ਿਆਦਾ ਹਨ। ਚੋਣ ਅਧਿਕਾਰ ਸੰਗਠਨ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਨੇ ਉਮੀਦਵਾਰਾਂ ਦੀ ਨਾਮਜ਼ਦਗੀ ਦੇ ਨਾਲ ਦਾਇਰ ਹਲਫਨਾਮਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਇਹ ਜਾਣਕਾਰੀ ਦਿਤੀ ਹੈ।
ਲੋਕ ਸਭਾ 'ਚ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਚੰਦਰ ਸ਼ੇਖਰ ਪੇਮਸਾਨੀ 5,705 ਕਰੋੜ ਰੁਪਏ ਦੀ ਜਾਇਦਾਦ ਨਾਲ, ਭਾਜਪਾ ਦੇ ਕੋਂਡਾ ਵਿਸ਼ਵੇਸ਼ਵਰ ਰੈੱਡੀ 4,568 ਕਰੋੜ ਰੁਪਏ ਦੀ ਜਾਇਦਾਦ ਨਾਲ ਅਤੇ ਭਾਜਪਾ ਨੇਤਾ ਨਵੀਨ ਜਿੰਦਲ 1,241 ਕਰੋੜ ਰੁਪਏ ਦੀ ਜਾਇਦਾਦ ਨਾਲ ਚੋਟੀ ਦੇ ਤਿੰਨ ਸੱਭ ਤੋਂ ਅਮੀਰ ਮੈਂਬਰ ਹਨ।
ਪੇਮਸਾਨੀ ਆਂਧਰਾ ਪ੍ਰਦੇਸ਼ ਦੇ ਗੁੰਟੂਰ ਤੋਂ, ਵਿਸ਼ਵੇਸ਼ਵਰ ਰੈਡੀ ਤੇਲੰਗਾਨਾ ਅਤੇ ਨਵੀਨ ਜਿੰਦਲ ਕੁਰੂਕਸ਼ੇਤਰ ਤੋਂ ਜਿੱਤੇ ਹਨ। ਵਿਸ਼ਲੇਸ਼ਣ ਮੁਤਾਬਕ ਲੋਕ ਸਭਾ ਲਈ ਚੁਣੇ ਗਏ 543 ਮੈਂਬਰਾਂ 'ਚੋਂ 504 ਕਰੋੜਪਤੀ ਹਨ। ਏਡੀਆਰ ਮੁਤਾਬਕ 2019 ਦੀਆਂ ਲੋਕ ਸਭਾ 'ਚ 475 (88 ਫ਼ੀ ਸਦੀ) ਮੈਂਬਰ ਅਤੇ 2014 ਦੀ ਲੋਕ ਸਭਾ 'ਚ 443 (82 ਫ਼ੀ ਸਦੀ) ਮੈਂਬਰ ਕਰੋੜਪਤੀ ਸਨ। ਸੰਸਦ ਦੇ ਹੇਠਲੇ ਸਦਨ 'ਚ ਕਰੋੜਪਤੀਆਂ ਦੇ ਵਾਧੇ ਦਾ ਰੁਝਾਨ 2009 ਤੋਂ ਦੇਖਣ ਨੂੰ ਮਿਲ ਰਿਹਾ ਹੈ, ਜਦੋਂ 315 (58 ਫ਼ੀ ਸਦੀ) ਮੈਂਬਰ ਕਰੋੜਪਤੀ ਸਨ।
ਵਿਸ਼ਲੇਸ਼ਣ ਮੁਤਾਬਕ ਭਾਜਪਾ ਦੇ 240 ਜੇਤੂ ਉਮੀਦਵਾਰਾਂ ਵਿਚੋਂ 227 (95 ਫ਼ੀ ਸਦੀ), ਕਾਂਗਰਸ ਦੇ 99 ਉਮੀਦਵਾਰਾਂ ਵਿਚੋਂ 92 (93 ਫ਼ੀ ਸਦੀ), ਦ੍ਰਾਵਿੜ ਮੁਨੇਤਰਾ ਕਜ਼ਗਮ (ਦ੍ਰਾਵਿੜ) ਦੇ 22 ਉਮੀਦਵਾਰਾਂ ਵਿਚੋਂ 21 (95 ਫੀਸਦੀ), ਤ੍ਰਿਣਮੂਲ ਕਾਂਗਰਸ ਦੇ 29 ਉਮੀਦਵਾਰਾਂ ਵਿਚੋਂ 27 (93 ਫ਼ੀ ਸਦੀ) ਅਤੇ ਸਮਾਜਵਾਦੀ ਪਾਰਟੀ ਦੇ 37 ਉਮੀਦਵਾਰਾਂ ਵਿਚੋਂ 34 (92 ਫ਼ੀ ਸਦੀ) ਨੇ ਇਕ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਐਲਾਨ ਕੀਤਾ ਹੈ।
ਏਡੀਆਰ ਦੇ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ (ਆਪ) ਦੇ ਤਿੰਨੋਂ ਜੇਤੂ ਉਮੀਦਵਾਰ, ਜਨਤਾ ਦਲ (ਯੂਨਾਈਟਿਡ) ਦੇ ਸਾਰੇ 12 ਅਤੇ ਟੀਡੀਪੀ ਦੇ ਸਾਰੇ 16 ਕਰੋੜਪਤੀ ਹਨ। ਏਡੀਆਰ ਨੇ ਉਮੀਦਵਾਰਾਂ ਦੇ ਵਿੱਤੀ ਪਿਛੋਕੜ ਦੇ ਅਧਾਰ ਤੇ ਉਨ੍ਹਾਂ ਦੀਆਂ ਜੇਤੂ ਸੰਭਾਵਨਾਵਾਂ ਦਾ ਵਿਸ਼ਲੇਸ਼ਣ ਵੀ ਕੀਤਾ ਹੈ। ਇਸ ਦੇ ਮੁਤਾਬਕ 2024 ਦੀਆਂ ਲੋਕ ਸਭਾ ਚੋਣਾਂ 'ਚ ਕਰੋੜਪਤੀ ਉਮੀਦਵਾਰ ਦੇ ਜਿੱਤਣ ਦੀ ਸੰਭਾਵਨਾ 19.6 ਫੀਸਦੀ ਹੈ, ਜਦੋਂ ਕਿ ਇਕ ਕਰੋੜ ਤੋਂ ਘੱਟ ਜਾਇਦਾਦ ਵਾਲੇ ਉਮੀਦਵਾਰਾਂ ਲਈ ਇਹ ਸੰਭਾਵਨਾ ਸਿਰਫ 0.7 ਫੀਸਦੀ ਹੈ।
ਏਡੀਆਰ ਨੇ ਜੇਤੂ ਮੈਂਬਰਾਂ ਵਿਚਕਾਰ ਜਾਇਦਾਦਾਂ ਦੀ ਵੰਡ ਦਾ ਵੀ ਵਿਸ਼ਲੇਸ਼ਣ ਕੀਤਾ ਹੈ। ਅੰਕੜਿਆਂ ਮੁਤਾਬਕ 42 ਫ਼ੀ ਸਦੀ ਉਮੀਦਵਾਰਾਂ ਕੋਲ 10 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਜਾਇਦਾਦ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 19 ਫ਼ੀ ਸਦੀ ਉਮੀਦਵਾਰਾਂ ਕੋਲ 5 ਤੋਂ 10 ਕਰੋੜ ਰੁਪਏ ਦੀ ਜਾਇਦਾਦ ਹੈ, ਜਦੋਂ ਕਿ 32 ਫ਼ੀ ਸਦੀ ਉਮੀਦਵਾਰਾਂ ਕੋਲ ਇਕ ਕਰੋੜ ਤੋਂ 5 ਕਰੋੜ ਰੁਪਏ ਦੀ ਜਾਇਦਾਦ ਹੈ। ਅੰਕੜਿਆਂ ਮੁਤਾਬਕ ਨਵੇਂ ਮੈਂਬਰਾਂ 'ਚੋਂ ਸਿਰਫ ਇਕ ਫ਼ੀ ਸਦੀ ਕੋਲ 20 ਲੱਖ ਰੁਪਏ ਤੋਂ ਘੱਟ ਦੀ ਜਾਇਦਾਦ ਹੈ।
ਪ੍ਰਮੁੱਖ ਪਾਰਟੀਆਂ ਵਿਚ, ਜੇਤੂ ਉਮੀਦਵਾਰ ਦੀ ਔਸਤ ਦੌਲਤ ਵੀ ਕਾਫ਼ੀ ਵੱਖਰੀ ਹੁੰਦੀ ਹੈ। ਟੀਡੀਪੀ ਦੇ ਚੁਣੇ ਹੋਏ ਮੈਂਬਰਾਂ ਦੀ ਔਸਤ ਜਾਇਦਾਦ 442.26 ਕਰੋੜ ਰੁਪਏ, ਭਾਜਪਾ ਮੈਂਬਰਾਂ ਦੀ ਔਸਤ ਜਾਇਦਾਦ 50.04 ਕਰੋੜ ਰੁਪਏ, ਡੀਐਮਕੇ ਦੀ 31.22 ਕਰੋੜ ਰੁਪਏ, ਕਾਂਗਰਸ ਦੀ 22.93 ਕਰੋੜ ਰੁਪਏ, ਤ੍ਰਿਣਮੂਲ ਕਾਂਗਰਸ ਦੀ 17.98 ਕਰੋੜ ਰੁਪਏ ਅਤੇ ਸਮਾਜਵਾਦੀ ਪਾਰਟੀ ਦੀ 15.24 ਕਰੋੜ ਰੁਪਏ ਹੈ।
ਪਾਰਟੀਆਂ ਦੇ ਅੰਦਰ ਵੀ ਜੇਤੂਆਂ ਦੀ ਦੌਲਤ ਵਿਚ ਵੱਡਾ ਅੰਤਰ ਹੈ। ਉਦਾਹਰਣ ਵਜੋਂ, ਪੱਛਮੀ ਬੰਗਾਲ ਦੇ ਪੁਰੂਲੀਆ ਤੋਂ ਭਾਜਪਾ ਉਮੀਦਵਾਰ ਜਯੋਤਿਰਮੋਯ ਸਿੰਘ ਮਹਾਤੋ ਨੇ ਸਿਰਫ 5 ਲੱਖ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਅਰਾਮਬਾਗ ਤੋਂ ਤ੍ਰਿਣਮੂਲ ਕਾਂਗਰਸ ਦੀ ਟਿਕਟ 'ਤੇ ਜਿੱਤਣ ਵਾਲੀ ਮਿਤਾਲੀ ਬਾਗ ਨੇ 7 ਲੱਖ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼ ਦੀ ਮੱਛਲੀਸ਼ਹਿਰ ਸੀਟ ਤੋਂ ਸਪਾ ਦੀ ਟਿਕਟ 'ਤੇ ਜਿੱਤਣ ਵਾਲੀ ਪ੍ਰਿਆ ਸਰੋਜ ਨੇ 11 ਲੱਖ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਟੀਡੀਪੀ ਦੇ ਪੇਮਸਾਨੀ ਵੀ 1,038 ਕਰੋੜ ਰੁਪਏ ਦੀਆਂ ਦੇਣਦਾਰੀਆਂ ਨਾਲ ਸੂਚੀ ਵਿਚ ਸੱਭ ਤੋਂ ਉੱਪਰ ਹਨ।