
ਕਿਹਾ, ਸਿੱਖ, ਜੈਨ, ਬੁੱਧ ਅਤੇ ਲਿੰਗਾਇਤਵਾਦ ਸਾਰੇ ਭਾਰਤ ਵਿਚ ਇਕ ਵੱਖਰੇ ਧਰਮ ਦੇ ਰੂਪ ਵਿਚ ਪੈਦਾ ਹੋਏ, ਕਿਉਂਕਿ ਹਿੰਦੂ ਧਰਮ ਵਿਚ ਉਨ੍ਹਾਂ ਲਈ ਜਗ੍ਹਾ ਨਹੀਂ ਸੀ
ਕਲਬੁਰਗੀ : ਕਰਨਾਟਕ ਦੇ ਮੰਤਰੀ ਪ੍ਰਿਆਂਕ ਖੜਗੇ ਨੇ ਸੋਮਵਾਰ ਨੂੰ ਕਿਹਾ ਕਿ ਸਿੱਖ ਧਰਮ, ਜੈਨ ਧਰਮ, ਬੁੱਧ ਧਰਮ ਅਤੇ ਲਿੰਗਾਇਤ ਸਾਰੇ ਭਾਰਤ ’ਚ ਇਕ ਵੱਖਰੇ ਧਰਮ ਦੇ ਰੂਪ ’ਚ ਪੈਦਾ ਹੋਏ ਹਨ ਕਿਉਂਕਿ ਹਿੰਦੂ ਧਰਮ ਨੇ ਸਮਾਜ ਦੇ ਕੁੱਝ ਵਰਗਾਂ ਨੂੰ ‘ਸਨਮਾਨ ਦੀ ਜਗ੍ਹਾ’ ਨਹੀਂ ਦਿਤੀ।
ਮੰਤਰੀ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾਵਾਂ - ਸੂਬਾ ਪ੍ਰਧਾਨ ਬੀ.ਵਾਈ. ਵਿਜੇਂਦਰ ਅਤੇ ਵਿਧਾਇਕ ਸੀ.ਟੀ. ਰਵੀ - ਵਲੋਂ ਹਿੰਦੂ ਸਮਾਜ ਵਿਚ ਨਾਬਰਾਬਰੀ ਅਤੇ ਜਾਤੀਵਾਦ ਬਾਰੇ ਮੁੱਖ ਮੰਤਰੀ ਸਿਧਾਰਮਈਆ ਦੀ ਟਿਪਣੀ ਅਤੇ ਉਨ੍ਹਾਂ ਦੇ ਦੋਸ਼ਾਂ ਉਤੇ ਪ੍ਰਤੀਕ੍ਰਿਆ ਦੇ ਰਹੇ ਸਨ ਕਿ ਸੂਬਾ ਸਰਕਾਰ ਅਪਣੀਆਂ ਨੀਤੀਆਂ ਰਾਹੀਂ ਧਰਮ ਪਰਿਵਰਤਨ ਨੂੰ ਉਤਸ਼ਾਹਤ ਕਰ ਰਹੀ ਹੈ।
ਖੜਗੇ ਨੇ ਭਾਜਪਾ ਨੇਤਾਵਾਂ ਉਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ‘‘ਮੈਨੂੰ ਨਹੀਂ ਲਗਦਾ ਕਿ ਵਿਜੇਂਦਰ ਅਤੇ ਰਵੀ ਭਾਰਤ ਵਿਚ ਧਰਮ ਦੇ ਇਤਿਹਾਸ ਤੋਂ ਜਾਣੂ ਹਨ। ਸਿੱਖ ਧਰਮ, ਜੈਨ ਧਰਮ, ਬੁੱਧ ਧਰਮ ਅਤੇ ਲਿੰਗਾਇਤਵਾਦ ਸਾਰੇ ਭਾਰਤ ਵਿਚ ਇਕ ਵੱਖਰੇ ਧਰਮ ਦੇ ਰੂਪ ਵਿਚ ਪੈਦਾ ਹੋਏ ਸਨ। ਇਹ ਸਾਰੇ ਧਰਮ ਭਾਰਤ ਵਿਚ ਪੈਦਾ ਹੋਏ ਸਨ ਕਿਉਂਕਿ ਹਿੰਦੂ ਧਰਮ ਵਿਚ ਉਨ੍ਹਾਂ ਲਈ ਜਗ੍ਹਾ ਨਹੀਂ ਸੀ, ਇਸ ਨੇ ਉਨ੍ਹਾਂ ਨੂੰ ਸਨਮਾਨ ਦੀ ਜਗ੍ਹਾ ਨਹੀਂ ਦਿਤੀ।’’
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪੁਛਿਆ, ‘‘ਚਾਰ ਵਰਣ ਪ੍ਰਣਾਲੀ ਕੀ ਹੈ? ਕੀ ਇਹ ਕਿਸੇ ਹੋਰ ਧਰਮ ਵਿਚ ਹੈ? ਇਹ ਸਿਰਫ ਹਿੰਦੂ ਧਰਮ ਵਿਚ ਹੈ। ਬਾਬਾ ਸਾਹਿਬ ਅੰਬੇਡਕਰ ਨੇ ਇਹ ਨਾਅਰਾ ਦਿਤਾ ਕਿ ਹਿੰਦੂ ਵਜੋਂ ਜਨਮ ਲੈਣਾ ਮੇਰੇ ਹੱਥ ਵਿਚ ਨਹੀਂ ਹੈ, ਪਰ ਮੈਂ ਹਿੰਦੂ ਦੇ ਰੂਪ ਵਿਚ ਨਹੀਂ ਮਰਾਂਗਾ। ਕਿਉਂ? ਵਰਣ ਪ੍ਰਣਾਲੀ ਦੇ ਕਾਰਨ।’’
ਉਨ੍ਹਾਂ ਕਿਹਾ, ‘‘ਲੋਕਾਂ ਕੋਲ ਸਨਮਾਨ ਨਹੀਂ ਸੀ, ਵੱਖ-ਵੱਖ ਜਾਤੀਆਂ ਖ਼ੁਦ ਨੂੰ ਸਿਸਟਮ ਤੋਂ ਬਾਹਰ ਮਹਿਸੂਸ ਕਰਦੀਆਂ ਸਨ। ਭਾਰਤ ਵਿਚ ਪੈਦਾ ਹੋਏ ਸਾਰੇ ਧਰਮ ਇਸ ਨਾਬਰਾਬਰੀ ਦੇ ਵਿਰੁਧ ਪੈਦਾ ਹੋਏ ਹਨ। ਮੈਨੂੰ ਨਹੀਂ ਲਗਦਾ ਕਿ ਇਨ੍ਹਾਂ ਲੋਕਾਂ (ਭਾਜਪਾ) ਨੇਤਾਵਾਂ ਨੂੰ ਪਤਾ ਹੈ ਕਿ ਇਹ ਕੀ ਹੈ।’’
ਜ਼ਿਕਰਯੋਗ ਹੈ ਕਿ ਇਕ ਸਵਾਲ ਦੇ ਜਵਾਬ ’ਚ ਸਿਧਾਰਮਈਆ ਨੇ ਸਨਿਚਰਵਾਰ ਨੂੰ ਮੈਸੂਰ ’ਚ ਕਿਹਾ ਸੀ ਕਿ ‘ਜੇਕਰ ਹਿੰਦੂ ਸਮਾਜ ਵਿਚ ਬਰਾਬਰੀ ਅਤੇ ਬਰਾਬਰ ਦੇ ਮੌਕੇ ਹੁੰਦੇ ਤਾਂ ਧਰਮ ਪਰਿਵਰਤਨ ਕਿਉਂ ਹੁੰਦਾ? ਛੂਤ-ਛਾਤ ਕਿਉਂ ਆਇਆ?’
ਮੁਸਲਮਾਨਾਂ ਅਤੇ ਈਸਾਈਆਂ ’ਚ ਨਾਬਰਾਬਰੀ ਬਾਰੇ ਪੁੱਛੇ ਜਾਣ ਉਤੇ ਸਿੱਧਰਮਈਆ ਨੇ ਕਿਹਾ, ‘‘ਜਿੱਥੇ ਵੀ ਅਸਮਾਨਤਾ ਹੈ, ਭਾਵੇਂ ਉਹ ਮੁਸਲਮਾਨਾਂ ’ਚ ਹੋਵੇ ਜਾਂ ਈਸਾਈ, ਨਾ ਤਾਂ ਅਸੀਂ ਅਤੇ ਨਾ ਹੀ ਭਾਜਪਾ ਨੇ ਲੋਕਾਂ ਨੂੰ ਧਰਮ ਪਰਿਵਰਤਨ ਕਰਨ ਲਈ ਕਿਹਾ ਹੈ। ਲੋਕ ਧਰਮ ਪਰਿਵਰਤਨ ਕਰ ਚੁਕੇ ਹਨ। ਇਹ ਉਨ੍ਹਾਂ ਦਾ ਅਧਿਕਾਰ ਹੈ।’’