
ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ..........
ਨਵੀਂ ਦਿੱਲੀ/ਚੰਡੀਗੜ੍ਹ -ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਦੋਵੇਂ ਵਿਭਾਗਾਂ ਉਚ ਅਧਿਆਕੀਆਂ ਨੂੰ ਨਾਲ ਲੈ ਕੇ ਦੋਵਾਂ ਵਿਭਾਗਾਂ ਦੇ ਵੱਕਾਰੀ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ਸਬੰਧੀ ਅੱਜ ਇਥੇ ਨਵੀਂ ਦਿੱਲੀ ਸਥਿਤ ਪੰਜਾਬ ਭਵਨ ਵਿਖੇ ਏਸ਼ੀਅਨ ਵਿਕਾਸ ਬੈਂਕ (ਏ.ਡੀ.ਬੀ.) ਦੇ ਭਾਰਤੀ ਰੈਜੀਡੈਂਟ ਮਿਸ਼ਨ ਦੇ ਕੌਮੀ ਮੁਖੀ ਸ੍ਰੀ ਕੈਨਿਚੀ ਯੋਕੋਆਮਾ ਨਾਲ ਮੁਲਾਕਾਤ ਕੀਤੀ ਗਈ। ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਵੱਲੋਂ ਬਣਾਈਆਂ ਪੇਸ਼ਕਾਰੀਆਂ ਨੂੰ ਦੇਖਣ ਉਪਰੰਤ ਏ.ਡੀ.ਬੀ. ਵੱਲੋਂ ਪ੍ਰਾਜੈਕਟਾਂ ਲਈ
ਵਿੱਤੀ ਸਹਾਇਤਾ ਦੇਣ ਦੀ ਹਾਮੀ ਭਰੀ ਗਈ। ਸ.ਸਿੱਧੂ ਨੇ ਦੱਸਿਆ ਕਿ ਸਮਾਰਟ ਸਿਟੀ, ਅਮਰੁਤ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਮੁੜ ਬਹਾਲੀ ਲਈ 5598 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿੱਚ ਏਸ਼ੀਅਨ ਬੈਂਕ, ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦਾ ਮਿਲ ਕੇ ਹਿੱਸਾ ਹੋਵੇਗਾ। ਉਨ੍ਹਾਂ ਉਕਤ ਪ੍ਰਾਜੈਕਟਾਂ ਦੇ ਵੇਰਵੇ ਦਿੰਦੇ ਦੱਸਿਆ ਕਿ ਸਮਾਰਟ ਸਿਟੀ ਦਾ ਪ੍ਰਾਜੈਕਟ 2943 ਕਰੋੜ ਰੁਪਏ ਦਾ ਹੈ ਜਿਸ ਵਿੱਚ ਏ.ਡੀ.ਬੀ. ਵੱਲੋਂ 1606 ਕਰੋੜ ਰੁਪਏ ਅਤੇ ਭਾਰਤ ਤੇ ਪੰਜਾਬ ਸਰਕਾਰ ਦਾ ਹਿੱਸਾ 1337 ਕਰੋੜ ਰੁਪਏ ਹੋਵੇਗਾ। ਇਸ ਨਾਲ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਲੁਧਿਆਣਾ,
ਅੰਮ੍ਰਿਤਸਰ ਤੇ ਜਲੰਧਰ ਦੀ ਮੁਕੰਮਲ ਕਾਇਆ ਕਲਪ ਕੀਤੀ ਜਾਵੇਗੀ ਜਿਸ ਵਿੱਚ ਅੰਦਰੂਨੀ ਬੁਨਿਆਦੀ ਢਾਂਚਾ, ਸ਼ਹਿਰੀ ਆਵਾਜਾਈ ਸਿਸਟਮ, ਸੀਵਰੇਜ, ਸੈਨੀਟੇਸ਼ਨ ਆਦਿ ਸ਼ਾਮਲ ਹੋਵੇਗਾ। ਇਸੇ ਤਰ੍ਹਾਂ ਪੰਜਾਬ ਦੇ ਹੋਰਨਾਂ 16 ਸ਼ਹਿਰਾਂ ਲਈ ਅਮਰੁਤ ਪ੍ਰਾਜੈਕਟ ਤਹਿਤ 2426 ਕਰੋੜ ਰੁਪਏ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ ਜਿਸ ਵਿੱਚ ਏ.ਡੀ.ਬੀ. ਵੱਲੋਂ 1387 ਕਰੋੜ ਰੁਪਏ ਅਤੇ ਭਾਰਤ ਤੇ ਪੰਜਾਬ ਸਰਕਾਰ ਵੱਲੋਂ 1039 ਕਰੋੜ ਰੁਪਏ ਹਿੱਸਾ ਪਾਇਆ ਜਾਵੇਗਾ।
ਸ.ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਬੰਦ ਪਏ ਸੀਵਰੇਜ ਟਰੀਟਮੈਂਟ ਪਲਾਂਟਾਂ (ਐਸ.ਟੀ.ਪੀ.) ਨੂੰ ਚਲਾਉਣ ਲਈ ਉਨ੍ਹਾਂ ਦੀ ਮੁੜ ਬਹਾਲੀ ਲਈ ਏ.ਡੀ.ਬੀ. ਦਾ 209 ਕਰੋੜ ਰੁਪਏ ਅਤੇ ਸਮਾਰਟ ਸਿਟੀ, ਅਮਰੁਤ ਯੋਜਨਾ ਤੇ ਐਸ.ਟੀ.ਪੀ. ਦੇ ਪ੍ਰਾਜਕੈਟ ਤਿਆਰ ਕਰਨ ਅਤੇ ਸਮਰੱਥਾ ਵਿਕਾਸ ਲਈ ਏ.ਡੀ.ਬੀ. ਦਾ 20 ਕਰੋੜ ਰੁਪਏ ਲੱਗਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪ੍ਰਾਜੈਕਟਾਂ ਦੀ ਸਿਧਾਂਤਕ ਪ੍ਰਵਾਨਗੀ ਮਿਲ ਗਈ ਹੈ। ਉਨ੍ਹਾਂ ਹੋਰ ਵੀ ਵੇਰਵੇ ਵਿਸਥਾਰ ਸਹਿਤ ਦਿੱਤੇ।