
ਮਿਨਹਾਜ ਹੁਸੈਨ ਨੂੰ ਡਿਪੋਰਟ ਕਰ ਦਿਤਾ ਗਿਆ ਹੈ
ਨਵੀਂ ਦਿੱਲੀ: ਮੱਧ ਦਿੱਲੀ ਦੇ ਤਿਲਕ ਮਾਰਗ ਇਲਾਕੇ ’ਚ ਇਕ ਪਾਕਿਸਤਾਨੀ ਡਿਪਲੋਮੈਟ ਦੀ ਰਿਹਾਇਸ਼ ’ਤੇ ਨੌਕਰਾਣੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਇਕ ਪਾਕਿਸਤਾਨੀ ਰਸੋਈਏ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ 28 ਜੂਨ ਨੂੰ ਇਕ ਭਾਰਤੀ ਔਰਤ ਨੇ ਤਿਲਕ ਮਾਰਗ ਥਾਣੇ ’ਚ 54 ਸਾਲ ਦੇ ਰਸੋਈਏ ਮਿਨਹਾਜ ਹੁਸੈਨ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦਸਿਆ ਕਿ ਭਾਰਤੀ ਦੰਡ ਸੰਹਿਤਾ ਦੀ ਧਾਰਾ 354 (ਔਰਤ ਦੇ ਮਾਣ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਉਸ ’ਤੇ ਹਮਲਾ ਜਾਂ ਅਪਰਾਧਕ ਤਾਕਤ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।
ਅਧਿਕਾਰੀ ਨੇ ਦਸਿਆ ਕਿ ਔਰਤ ਨੂੰ ਕੁੱਝ ਮਹੀਨੇ ਪਹਿਲਾਂ ਘਰੇਲੂ ਨੌਕਰਾਣੀ ਵਜੋਂ ਕੰਮ ’ਤੇ ਰਖਿਆ ਗਿਆ ਸੀ ਅਤੇ ਉਹ ਡਿਪਲੋਮੈਟ ਦੀ ਰਿਹਾਇਸ਼ ਦੇ ਕੰਪਲੈਕਸ ’ਚ ਇਕ ਕੁਆਰਟਰ ’ਚ ਰਹਿੰਦੀ ਸੀ।
ਅਧਿਕਾਰੀ ਨੇ ਦਸਿਆ ਕਿ ਹੁਸੈਨ ਫ਼ਰਵਰੀ ’ਚ ਪਾਕਿਸਤਾਨ ਤੋਂ ਭਾਰਤ ’ਚ ਦਾਖਲ ਹੋਇਆ ਸੀ ਅਤੇ ਦਸਿਆ ਗਿਆ ਹੈ ਕਿ ਉਸ ਨੂੰ ਡਿਪੋਰਟ ਕਰ ਦਿਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਉਸ ਨੂੰ ਪਾਕਿਸਤਾਨ ਭੇਜੇ ਜਾਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ।