ਅਦਾਲਤ ਇਸ ਸਬੰਧ ਵਿਚ ਪੂਰੇ ਭਾਰਤ ਵਿਚ ਹਦਾਇਤਾਂ ਤਿਆਰ ਕਰਨ ਉਤੇ ਵਿਚਾਰ ਕਰ ਰਹੀ ਹੈ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁਧਵਾਰ ਨੂੰ ਕੇਂਦਰ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ.ਸੀ.ਬੀ.ਬੀ.) ਨੂੰ ਕਿਹਾ ਕਿ ਉਹ ਅਦਾਲਤ ਦੇ ਕਮਰੇ ’ਚ ਸਾਬਕਾ ਚੀਫ਼ ਜਸਟਿਸ ਬੀ.ਆਰ. ਗਵਈ ਉਤੇ ਜੁੱਤੀਆਂ ਸੁੱਟਣ ਦੀ ਕੋਸ਼ਿਸ਼ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਉਪਾਅ ਸੁਝਾਉਣ। ਸੁਪਰੀਮ ਕੋਰਟ ਨੇ ਮੀਡੀਆ ਵਲੋਂ ਅਜਿਹੀਆਂ ਘਟਨਾਵਾਂ ਦੀ ਰੀਪੋਰਟ ਕਰਨ ਲਈ ਮਾਨਕ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਬਣਾਉਣ ਲਈ ਸੁਝਾਅ ਵੀ ਮੰਗੇ ਹਨ।
ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਯਮਾਲਿਆ ਬਾਗਚੀ ਦੀ ਬੈਂਚ ਨੇ ਕੇਂਦਰ ਵਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਅਤੇ ਸੀਨੀਅਰ ਵਕੀਲ ਅਤੇ ਐਸ.ਸੀ.ਬੀ.ਏ. ਦੇ ਪ੍ਰਧਾਨ ਵਿਕਾਸ ਸਿੰਘ ਨੂੰ ਇਸ ਸਬੰਧ ਵਿਚ ਹਦਾਇਤਾਂ ਸੁਝਾਉਣ ਲਈ ਕਿਹਾ।
ਚੀਫ਼ ਜਸਟਿਸ ਨੇ ਕਿਹਾ ਕਿ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਅਤੇ ਸੀਨੀਅਰ ਐਡਵੋਕੇਟ ਅਤੇ ਐਸ.ਸੀ.ਬੀ.ਏ. ਦੇ ਪ੍ਰਧਾਨ ਨੇ ਸਾਂਝੇ ਤੌਰ ਉਤੇ ਕਿਹਾ ਹੈ ਕਿ ਉਹ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚੁਕੇ ਜਾ ਸਕਣ ਵਾਲੇ ਕਦਮਾਂ ਅਤੇ ਅਜਿਹੀਆਂ ਘਟਨਾਵਾਂ ਦੀ ਰੀਪੋਰਟਿੰਗ ਅਤੇ ਪ੍ਰਸਾਰਣ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਬਾਰੇ ਸਾਂਝੇ ਸੁਝਾਅ ਪੇਸ਼ ਕਰਨਗੇ।
ਅਦਾਲਤ ਨੇ ਕੇਂਦਰ ਸਰਕਾਰ ਨੂੰ ਰਸਮੀ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਤੋਂ ਛੋਟ ਦਿੰਦੇ ਹੋਏ ਕਿਹਾ ਕਿ ਇਹ ਮਾਮਲਾ ਵਿਰੋਧੀ ਨਹੀਂ ਹੈ ਅਤੇ ਇਸ ਲਈ ਸਾਂਝੇ ਸੁਝਾਅ ਦਾਇਰ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਬੈਂਚ ਨੇ 71 ਸਾਲਾ ਵਕੀਲ ਰਾਕੇਸ਼ ਕਿਸ਼ੋਰ ਵਿਰੁਧ ਅਪਰਾਧਕ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਕਿਸ਼ੋਰ ਨੇ 6 ਅਕਤੂਬਰ ਨੂੰ ਅਦਾਲਤੀ ਕਾਰਵਾਈ ਦੌਰਾਨ ਤਤਕਾਲੀ ਚੀਫ ਜਸਟਿਸ ਗਵਾਈ ਉਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਸੀ। ਅਦਾਲਤ ਨੇ ਕਿਹਾ ਸੀ ਕਿ ਜੋ ਵੀ ਜ਼ਰੂਰੀ ਹੋਵੇਗਾ, ਉਸ ਉਤੇ ਵਿਚਾਰ ਕੀਤਾ ਜਾਵੇਗਾ।
ਜਸਟਿਸ ਸੂਰਿਆ ਕਾਂਤ ਨੇ 12 ਨਵੰਬਰ ਨੂੰ ਐਸ.ਸੀ.ਬੀ.ਏ. ਵਲੋਂ ਪੇਸ਼ ਹੋਏ ਵਕੀਲ ਨੂੰ ਅਪਣੇ ਸੁਝਾਅ ਦੇਣ ਲਈ ਕਿਹਾ ਸੀ ਕਿਉਂਕਿ ਅਦਾਲਤ ਇਸ ਸਬੰਧ ਵਿਚ ਪੂਰੇ ਭਾਰਤ ਵਿਚ ਹਦਾਇਤਾਂ ਤਿਆਰ ਕਰਨ ਉਤੇ ਵਿਚਾਰ ਕਰ ਰਹੀ ਹੈ।
