
ਬਹੁਗਿਣਤੀਆਂ ਦੇ ਕੁਝ ਵਰਗਾਂ ਨੇ ਪੁਲਿਸ ਮੁਲਾਜ਼ਮ ਨੂੰ ਬਹਾਲ ਕਰਨ ਲਈ ਪ੍ਰਦਰਸ਼ਨ ਕੀਤਾ
ਇੰਫ਼ਾਲ: ਮਨੀਪੁਰ ਪੁਲਿਸ ਨੇ ਉਸ ਇਲਾਕੇ ਦੇ ਥਾਣਾ ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਹੈ, ਜਿੱਥੇ ਚਾਰ ਮਈ ਨੂੰ ਕੁਝ ਲੋਕਾਂ ਵਲੋਂ ਦੋ ਔਰਤਾਂ ਨੂੰ ਨਗਨ ਕਰ ਕੇ ਘੁਮਾਉਣ ਦੀ ਘਟਨਾ ਵਾਪਰੀ ਸੀ। ਅਧਿਕਾਰੀ ਨੇ ਦਸਿਆ ਕਿ 19 ਜੁਲਾਈ ਨੂੰ ਘਟਨਾ ਦਾ ਵੀਡੀਉ ਸਾਹਮਣੇ ਆਉਣ ਤੋਂ ਤੁਰਤ ਬਾਅਦ, ਮਨੀਪੁਰ ਪੁਲਿਸ ਨੇ ਥੌਬਲ ਜ਼ਿਲ੍ਹੇ ਦੇ ਨੋਂਗਪੋਕ ਸੇਕਮਾਈ ਪੁਲਿਸ ਥਾਣੇ ਦੇ ਇੰਚਾਰਜ ਅਤੇ ਚਾਰ ਹੋਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ
ਉਨ੍ਹਾਂ ਕਿਹਾ ਕਿ ਕਾਰਵਾਈ ਤੁਰਤ ਕੀਤੀ ਗਈ ਅਤੇ ਬਹੁਗਿਣਤੀਆਂ ਦੇ ਕੁਝ ਵਰਗਾਂ ਵਲੋਂ ਉਨ੍ਹਾਂ ਦੀ ਬਹਾਲੀ ਲਈ ਕੀਤੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਇਸ ਫੈਸਲੇ ਨੂੰ ਵਾਪਸ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਪੁਲਿਸ ਨੇ ਬਿਸ਼ਣੂਪੁਰ ’ਚ ਤਿੰਨ ਅਗੱਸਤ ਨੂੰ ਇਕ ਅਸਲਾਖ਼ਾਨੇ ਦੀ ਲੁੱਟ ਦੀਆਂ ਘਟਨਾਵਾਂ ਦੀ ਜਾਂਚ ਲਈ ਇਕ ਪੁਲਿਸ ਇੰਸਪੈਕਟਰ ਜਨਰਲ ਦੀ ਅਗਵਾਈ ’ਚ ਸਮਾਂਬੱਧ ਜਾਂਚ ਦਾ ਵੀ ਹੁਕਮ ਦਿਤਾ ਹੈ।
ਇਹ ਵੀ ਪੜ੍ਹੋ: ਗਿਆਨਵਾਪੀ ਮਸਜਿਦ ਕੰਪਲੈਕਸ ’ਚ ਤੀਜੇ ਦਿਨ ਵੀ ਸ਼ਾਮ ਪੰਜ ਵਜੇ ਤਕ ਚਲਿਆ ਸਰਵੇ
ਘਟਨਾਕ੍ਰਮ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਮਨੀਪੁਰ ਪੁਲਿਸ ਵਲੋਂ ਸੂਬੇ ’ਚ ਹਿੰਸਾ ਦੇ ਦੌਰ ਨੂੰ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਿੰਸਾ 3 ਮਈ ਨੂੰ ਬਹੁਗਿਣਤੀ ਮੈਤੇਈ ਅਤੇ ਕਬਾਇਲੀ ਕੁਕੀ ਲੋਕਾਂ ਦਰਮਿਆਨ ਸ਼ੁਰੂ ਹੋਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਅਮਨ-ਕਾਨੂੰਨ ਦੀ ਸਥਿਤੀ ਨੂੰ ਤੁਰਤ ਸੁਧਾਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
ਇਕ ਅਧਿਕਾਰੀ ਨੇ ਕਿਹਾ, ‘‘ਫ਼ੌਜ ਅਤੇ ਅਸਾਮ ਰਾਈਫਲਜ਼ ਸਮੇਤ ਹੋਰ ਏਜੰਸੀਆਂ ਦੀ ਮਦਦ ਨਾਲ, ਅਸੀਂ ਜ਼ਰੂਰੀ ਸਪਲਾਈ ਨੂੰ ਬਰਕਰਾਰ ਰੱਖਣ ਵਿਚ ਕਾਮਯਾਬ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਇਹ ਬਿਜਾਈ ਦਾ ਸੀਜ਼ਨ ਹੈ ਅਤੇ ਅਸੀਂ ਪੂਰੀ ਸ਼ਾਂਤੀ ਕਾਇਮ ਹੋਣ ਦੀ ਉਡੀਕ ਨਹੀਂ ਕਰ ਸਕਦੇ। ਇਸ ਲਈ ਸਾਨੂੰ ਸਥਿਤੀ ਨੂੰ ਸੰਭਾਲਣਾ ਪਏਗਾ ਅਤੇ ਵਾਧੂ ਪੁਲਿਸ ਬਲ ਉਨ੍ਹਾਂ ਪਹਾੜੀਆਂ ’ਤੇ ਭੇਜੇ ਜਾਣਗੇ ਜਿੱਥੇ ਮਸ਼ਹੂਰ ਕਾਲੇ ਚੌਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ।’’
ਅਧਿਕਾਰੀਆਂ ਨੇ ਦਸਿਆ ਕਿ ਵੱਖ-ਵੱਖ ਮਾਮਲਿਆਂ ’ਚ ਹੁਣ ਤਕ ਲਗਭਗ 300 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਤੀ ਟਕਰਾਅ ਦੌਰਾਨ ਕਈ ‘ਜ਼ੀਰੋ’ ਐਫ਼.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ ਹਰ ਦਾਅਵੇ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਸ਼ਨੂਪੁਰ ਜ਼ਿਲ੍ਹੇ ਦੇ ਨਰਾਂਸੀਨਾ ਸਥਿਤ ਦੂਜੀ ਇੰਡੀਆ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.) ਦੇ ਹੈੱਡਕੁਆਰਟਰ ਤੋਂ ਹਥਿਆਰਾਂ ਅਤੇ ਲਗਭਗ 19,000 ਕਾਰਤੂਸਾਂ ਦੀ ਹਾਲ ਹੀ ਵਿਚ ਹੋਈ ਲੁੱਟ ਦੇ ਸਬੰਧ ਵਿਚ ਸਮੇਂ ਸਿਰ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਲਈ ਮੋਟੀਵੇਸ਼ਨਲ ਅਤੇ ਕਰੀਅਰ ਕਾਉਂਸਲਿੰਗ ਸਬੰਧੀ ਕਰਵਾਏ ਜਾਣਗੇ ਐਜੂਸੇਟ 'ਤੇ ਲੈਕਚਰ
ਸੁਰੱਖਿਆ ਫ਼ੋਰਸਾਂ ਤੋਂ ਲੁੱਟੇ ਗਏ 1,195 ਹਥਿਆਰ ਹੁਣ ਤਕ ਬਰਾਮਦ: ਮਨੀਪੁਰ ਪੁਲਿਸ
ਇੰਫਾਲ: ਮਨੀਪੁਰ ਪੁਲਿਸ ਨੇ ਕਿਹਾ ਹੈ ਕਿ ਉਸ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਸੁਰੱਖਿਆ ਫ਼ੋਰਸਾਂ ਤੋਂ ਲੁੱਟੇ ਗਏ 1,195 ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੇ ਸ਼ਨਿਚਰਵਾਰ ਸ਼ਾਮ ਨੂੰ ਇਕ ਬਿਆਨ ’ਚ ਕਿਹਾ ਕਿ ਵਾਦੀ ਦੇ ਜ਼ਿਲ੍ਹਿਆਂ ’ਚੋਂ 1,057 ਅਤੇ ਪਹਾੜੀ ਜ਼ਿਲ੍ਹਿਆਂ ’ਚੋਂ 138 ਹਥਿਆਰ ਬਰਾਮਦ ਕੀਤੇ ਗਏ ਹਨ।
ਬਿਆਨ ਮੁਤਾਬਕ ਵਾਦੀ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚੋਂ ਵੱਡੀ ਮਾਤਰਾ ’ਚ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਬਿਆਨ ’ਚ ਕਿਹਾ ਗਿਆ ਹੈ, ‘‘ਸੁਰੱਖਿਆ ਫ਼ੋਰਸ ਲੁੱਟੇ ਗਏ ਹਥਿਆਰਾਂ ਅਤੇ ਗੋਲਾ ਬਾਰੂਦ ਨੂੰ ਬਰਾਮਦ ਕਰਨ ਲਈ ਪਹਾੜੀ ਅਤੇ ਵਾਦੀ ਖੇਤਰਾਂ ’ਚ ਲਗਾਤਾਰ ਛਾਪੇਮਾਰੀ ਕਰ ਰਹੇ ਹਨ।’’ ਪੁਲਿਸ ਦੇ ਡਾਇਰੈਕਟਰ ਜਨਰਲ ਰਾਜੀਵ ਸਿੰਘ ਨੇ ਕਿਹਾ ਕਿ ਸੁਰੱਖਿਆ ਬਲਾਂ ਤੋਂ ਹਥਿਆਰ ਲੁੱਟਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।