
ਗੋਲੀ ਲੱਗਣ ਨਾਲ ਇਕ ਵਿਅਕਤੀ ਜ਼ਖ਼ਮੀ
ਇੰਫ਼ਾਲ: ਮਨੀਪੁਰ ਦੇ ਇੰਫ਼ਾਲ ਵੈਸਟ ਜ਼ਿਲ੍ਹੇ ’ਚ ਸਨਿਚਰਵਾਰ ਸ਼ਾਮ ਨੂੰ ਮੁੜ ਹਿੰਸਾ ਭੜਕ ਉਠੀ ਅਤੇ ਇਸ ਦੌਰਾਨ 15 ਮਕਾਨ ਸਾੜ ਦਿਤੇ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਲਾਂਗੋਲ ਗੇਮਜ਼ ਪਿੰਡ ’ਚ ਗੁੱਸੇ ’ਚ ਭੀੜ ਸੜਕਾਂ ’ਤੇ ਉਤਰ ਆਈ , ਜਿਸ ਨੂੰ ਖਿੰਡਾਉਣ ਲਈ ਸੁਰਖਿਆ ਫ਼ੋਰਸਾਂ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਸਥਿਤੀ ਨੂੰ ਕਾਬੂ ’ਚ ਕੀਤਾ।
ਅਧਿਕਾਰੀਆਂ ਨੇ ਕਿਹਾ ਕਿ ਹਿੰਸਾ ਦੌਰਾਨ 45 ਸਾਲਾਂ ਦੇ ਇਕ ਵਿਅਕਤੀ ਨੂੰ ਗੋਲੀ ਮਾਰੀ ਗਈ, ਜੋ ਉਸ ਦੇ ਪੱਟ ’ਤੇ ਲੱਗੀ। ਉਸ ਨੂੰ ‘ਰੀਜਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ’ (ਆਰ.ਆਈ.ਐਮ.ਐਸ.) ’ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ, ਐਤਵਾਰ ਨੂੰ ਇਲਾਕੇ ’ਚ ਹਾਲਾਤ ’ਚ ਸੁਧਾਰ ਆਇਆ ਹੈ, ਪਰ ਸਵੇਰ ਸਮੇਂ ਦੀਆਂ ਪਾਬੰਦੀਆਂ ਜਾਰੀ ਹਨ।
ਉਨ੍ਹਾਂ ਕਿਹਾ ਕਿ ਇੰਫ਼ਾਲ ਈਸਟ ਜ਼ਿਲ੍ਹੇ ਦੇ ਚੇਕਾਨ ਇਲਾਕੇ ’ਚ ਵੀ ਹਿੰਸਾ ਦੀ ਸੂਚਨਾ ਮਿਲੀ ਹੈ, ਜਿੱਥੇ ਸਨਿਚਰਵਾਰ ਨੂੰ ਇਕ ਵੱਡੇ ਕਾਰੋਬਾਰੀ ਅਦਾਰੇ ਨੂੰ ਅੱਗ ਦੇ ਹਵਾਲੇ ਕਰ ਦਿਤਾ ਗਿਆ। ਅਧਿਕਾਰੀਆਂ ਮੁਤਾਬਕ, ਅਦਾਰੇ ਕੋਲ ਤਿੰਨ ਮਕਾਨਾਂ ’ਚ ਵੀ ਅੱਗ ਲਾ ਦਿਤੀ ਗਈ। ਅੱਗ ਬੁਝਾਊ ਬ੍ਰਿਗੇਡ ਨੇ ਅੱਗ ਬੁਝਾਈ।
ਅਧਿਕਾਰੀਆਂ ਅਨੁਸਾਰ ਸ਼ਨਿਚਰਵਾਰ ਸ਼ਾਮ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਨਿਊ ਕੀਥੇਲਮਨਬੀ ਪੁਲਿਸ ਥਾਣਾ ਖੇਤਰ ਦੇ ਏ. ਮੁੰਗਚਮਕੋਮ ’ਚ ਸੁਰਖਿਆ ਫ਼ੋਰਸਾਂ ਅਤੇ ਅਤਿਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੂੰ ਫੜ ਲਿਆ ਗਿਆ ਅਤੇ ਉਸ ਕੋਲੋਂ ਇਕ ਐਸ.ਐਲ.ਆਰ. ਰਾਈਫ਼ਲ ਅਤੇ 50 ਗੋਲੀਆਂ ਬਰਾਮਦ ਕੀਤੀਆਂ ਗਈਆਂ।
ਹਿੰਸਾ ਦੀਆਂ ਇਹ ਘਟਨਾਵਾਂ 27 ਵਿਧਾਨ ਸਭਾ ਖੇਤਰਾਂ ਦੀ ਤਾਲਮੇਲ ਕਮੇਟੀ ਵਲੋਂ ਸੱਦੀ 24 ਘੰਟਿਆਂ ਦੀ ਆਮ ਹੜਤਾਲ ਵਿਚਕਾਰ ਸਾਹਮਣੇ ਆਏ ਹਨ। ਹੜਤਾਲ ਕਾਰਨ ਸਨਿਚਰਵਾਰ ਨੂੰ ਇੰਫ਼ਲ ਵਾਦੀ ’ਚ ਆਮ ਜੀਵਨ ਪ੍ਰਭਾਵਤ ਰਿਹਾ ਸੀ। ਮਨੀਪੁਰ ’ਚ ਅਨੁਸੂਚਿਤ ਜਨਜਾਤੀ ਦਾ ਦਰਜ ਦੇਣ ਦੀ ਮੈਤੇਈ ਲੋਕਾਂ ਦੀ ਮੰਗ ਵਿਰੁਧ ਪਹਾੜੀ ਜ਼ਿਲ੍ਹਿਆਂ ’ਚ ਤਿੰਨ ਮਈ ਨੂੰ ‘ਆਦਿਵਾਸੀ ਇਕਜੁਟਤਾ ਮਾਰਚ’ ਕੱਢੇ ਜਾਣ ਮਗਰੋਂ ਸੂਬੇ ’ਚ ਭੜਕੀ ਹਿੰਸਾ ’ਚ ਹੁਣ ਤਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ।
ਸੂਬੇ ’ਚ ਮੈਤੇਈ ਲੋਕਾਂ ਦੀ ਆਬਾਦੀ ਲਗਭਗ 53 ਫ਼ੀ ਸਦੀ ਹੈ ਅਤੇ ਉਹ ਮੁੱਖ ਤੌਰ ’ਤੇ ਇੰਫ਼ਾਲ ਵਾਦੀ ’ਚ ਰਹਿੰਦੇ ਹਨ। ਜਦਕਿ, ਨਗਾ ਅਤੇ ਕੁਕੀ ਵਰਗੇ ਆਦਿਵਾਸੀ ਭਾਈਚਾਰਿਆਂ ਦੀ ਆਬਾਦੀ 40 ਫ਼ੀ ਸਦੀ ਹੈ ਅਤੇ ਉਹ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ ’ਚ ਰਹਿੰਦੇ ਹਨ।