
ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਵਿਨੇਸ਼ ਅਤੇ ਬਜਰੰਗ ਹੁਣ ਕੁਸ਼ਤੀ ਦੇ ਅਖਾੜੇ ਤੋਂ ਸਿਆਸੀ ਮੈਦਾਨ 'ਚ ਨਜ਼ਰ ਆਉਣਗੇ
Vinesh Phogat : ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ 'ਤੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਜਾ ਰਹੇ ਹਨ। ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਦੋਵੇਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਪਹੁੰਚੇ। ਇਸ ਨੂੰ ਸ਼ਿਸ਼ਟਾਚਾਰ ਭੇਂਟ ਦੱਸਿਆ ਜਾ ਰਿਹਾ ਹੈ।
ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੀ ਖੜਗੇ ਦੀ ਰਿਹਾਇਸ਼ 'ਤੇ ਮੌਜੂਦ ਹਨ। ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਵਿਨੇਸ਼ ਅਤੇ ਬਜਰੰਗ ਹੁਣ ਕੁਸ਼ਤੀ ਦੇ ਅਖਾੜੇ ਤੋਂ ਸਿਆਸੀ ਮੈਦਾਨ 'ਚ ਨਜ਼ਰ ਆਉਣਗੇ। ਦੋਵੇਂ ਖਿਡਾਰੀ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ।
ਇਸ ਤੋਂ ਪਹਿਲਾਂ ਬਜਰੰਗ ਪੂਨੀਆ ਨੇ ਕਿਹਾ ਸੀ ਕਿ ਉਹ ਅਤੇ ਵਿਨੇਸ਼ ਸ਼ੁੱਕਰਵਾਰ ਨੂੰ ਕਾਂਗਰਸ 'ਚ ਸ਼ਾਮਲ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਦੋਵੇਂ ਪਹਿਲਵਾਨ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਪਹਿਲਾਂ ਦੋਵਾਂ ਨੇ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ।
ਵਿਨੇਸ਼ ਨੇ ਛੱਡੀ ਰੇਲਵੇ ਦੀ ਨੌਕਰੀ
ਵਿਨੇਸ਼ ਫੋਗਾਟ ਨੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ। ਇਸ ਦਾ ਐਲਾਨ ਕਰਦੇ ਹੋਏ ਵਿਨੇਸ਼ ਨੇ ਕਿਹਾ ਕਿ ਰੇਲਵੇ ਦੀ ਸੇਵਾ ਕਰਨਾ ਉਸ ਦੇ ਜੀਵਨ ਦਾ ਸਭ ਤੋਂ ਯਾਦਗਾਰੀ ਅਤੇ ਮਾਣ ਵਾਲਾ ਸਮਾਂ ਰਿਹਾ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਕਿਹਾ ਕਿ ਆਪਣੀ ਜ਼ਿੰਦਗੀ ਦੇ ਇਸ ਮੋੜ 'ਤੇ ਮੈਂ ਆਪਣੇ ਆਪ ਨੂੰ ਰੇਲਵੇ ਸੇਵਾ ਤੋਂ ਵੱਖ ਕਰਨ ਦਾ ਫੈਸਲਾ ਕੀਤਾ ਹੈ ਅਤੇ ਆਪਣਾ ਅਸਤੀਫਾ ਭਾਰਤੀ ਰੇਲਵੇ ਦੇ ਸਮਰੱਥ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ। ਦੇਸ਼ ਦੀ ਸੇਵਾ ਵਿੱਚ ਰੇਲਵੇ ਵੱਲੋਂ ਮੈਨੂੰ ਦਿੱਤੇ ਗਏ ਇਸ ਮੌਕੇ ਲਈ ਮੈਂ ਭਾਰਤੀ ਰੇਲਵੇ ਪਰਿਵਾਰ ਦਾ ਹਮੇਸ਼ਾ ਧੰਨਵਾਦੀ ਰਹਾਂਗੀ।
ਕਿਸ ਸੀਟ ਤੋਂ ਮਿਲ ਸਕਦੀ ਹੈ ਟਿਕਟ ?
ਸਿਆਸੀ ਹਲਕਿਆਂ ਵਿੱਚ ਚੱਲ ਰਹੀਆਂ ਅਟਕਲਾਂ ਦੇ ਮੁਤਾਬਕ ਵਿਨੇਸ਼ ਫੋਗਾਟ ਨੂੰ ਦਾਦਰੀ ਤੋਂ ਟਿਕਟ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਬਜਰੰਗ ਪੂਨੀਆ ਬਾਦਲੀ ਤੋਂ ਟਿਕਟ ਦੀ ਮੰਗ ਕਰ ਰਹੇ ਹਨ ਪਰ ਕਾਂਗਰਸ ਉਨ੍ਹਾਂ ਨੂੰ ਇਸ ਸੀਟ ਦੀ ਬਜਾਏ ਕਿਸੇ ਜਾਟ ਬਹੁਲ ਸੀਟ ਤੋਂ ਟਿਕਟ ਦੇਣ ਦੀ ਯੋਜਨਾ ਬਣਾ ਰਹੀ ਹੈ।