
50 ਪਿੰਡਾਂ ਦੇ ਹਜ਼ਾਰਾਂ ਵਸਨੀਕ ਲਗਭਗ ਦੋ ਮਹੀਨਿਆਂ ਤੋਂ ਬਘਿਆੜਾਂ ਦੇ ਹਮਲੇ ਕਾਰਨ ਦਹਿਸ਼ਤ ’ਚ ਸਨ, 7 ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਚੁਕੀ ਹੈ
ਬਹਿਰਾਈਚ : ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੀ ਮਹਿਸੀ ਤਹਿਸੀਲ ਦੇ ਲਗਭਗ 50 ਪਿੰਡਾਂ ’ਚ ਦਹਿਸ਼ਤ ਦਾ ਦੂਜਾ ਨਾਂ ਬਣੇ ਬਘਿਆੜਾਂ ਦੇ ਝੁੰਡ ਦੇ ਛੇਵੇਂ ਅਤੇ ਆਖਰੀ ਮੈਂਬਰ ਨੂੰ ਸਨਿਚਰਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਰਾਮਗਾਓਂ ਥਾਣੇ ਦੇ ਅਧੀਨ ਤਮਾਚਪੁਰ ਪਿੰਡ ’ਚ ਪਿੰਡ ਵਾਸੀਆਂ ਨੇ ਕੁੱਟ-ਕੁੱਟ ਕੇ ਮਾਰ ਦਿਤਾ।
ਬਹਿਰਾਈਚ ਦੇ ਡਵੀਜ਼ਨਲ ਜੰਗਲਾਤ ਅਧਿਕਾਰੀ ਅਜੀਤ ਪ੍ਰਤਾਪ ਸਿੰਘ ਨੇ ਐਤਵਾਰ ਸਵੇਰੇ ਪੁਸ਼ਟੀ ਕੀਤੀ ਕਿ ਮਾਰਿਆ ਗਿਆ ਬਘਿਆੜ ਜੰਗਲਾਤ ਵਿਭਾਗ ਨੂੰ ਲੋੜੀਂਦੇ ਮਨੁੱਖ-ਖਾਣ ਵਾਲੇ ਬਘਿਆੜਾਂ ਦੇ ਝੁੰਡ ਦਾ ਛੇਵਾਂ ਅਤੇ ਆਖਰੀ ਮੈਂਬਰ ਸੀ। ਉਨ੍ਹਾਂ ਦਸਿਆ ਕਿ ਬਘਿਆੜ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ, ‘‘ਸਨਿਚਰਵਾਰ ਦੇਰ ਰਾਤ ਸਾਨੂੰ ਸੂਚਨਾ ਮਿਲੀ ਕਿ ਮਹਿਸੀ ਤਹਿਸੀਲ ਦੇ ਰਾਮਗਾਓਂ ਥਾਣੇ ਦੇ ਤਮਾਚਪੁਰ ਪਿੰਡ ’ਚ ਲੋਕਾਂ ਨੇ ਇਕ ਬਘਿਆੜ ਨੂੰ ਮਾਰ ਦਿਤਾ ਹੈ। ਜਦੋਂ ਅਸੀਂ ਉੱਥੇ ਪਹੁੰਚੇ, ਤਾਂ ਸਾਨੂੰ ਇਕ ਮਰੇ ਹੋਏ ਬਘਿਆੜ ਅਤੇ ਇਕ ਬੱਕਰੀ ਦੀ ਲਾਸ਼ ਮਿਲੀ। ਬਘਿਆੜ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਖੂਨ ਵਗ ਰਿਹਾ ਸੀ। ਨੇੜਿਉਂ ਵੇਖਣ ਤੋਂ ਪਤਾ ਲੱਗਿਆ ਕਿ ਮ੍ਰਿਤਕ ਬਘਿਆੜ ਇਕ ਬਾਲਗ ਮਾਦਾ ਸੀ।’’
ਉਨ੍ਹਾਂ ਕਿਹਾ ਕਿ ਬਘਿਆੜ ਆਬਾਦੀ ਵਾਲੇ ਇਲਾਕੇ ’ਚ ਦਾਖਲ ਹੋ ਗਿਆ ਸੀ ਅਤੇ ਇਕ ਬੱਕਰੀ ਚੁਕ ਕੇ ਲਿਜਾ ਰਿਹਾ ਸੀ। ਰਸਤੇ ਵਿਚ ਪਿੰਡ ਵਾਸੀਆਂ ਨੇ ਉਸ ਨੂੰ ਘੇਰ ਲਿਆ ਅਤੇ ਮਾਰ ਦਿਤਾ।
ਤਮਾਚਪੁਰ ਪਿੰਡ ਦੇ ਕੁੱਝ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਪਿੰਡ ਦੇ ਇਕ ਘਰ ਦੇ ਵਿਹੜੇ ’ਚ ਅਪਣੀ ਮਾਂ ਦੇ ਨੇੜੇ ਸੌਂ ਰਹੇ ਮਾਸੂਮ ਬੱਚੇ ’ਤੇ ਬਘਿਆੜ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮਾਂ ਦੀਆਂ ਚੀਕਾਂ ਸੁਣ ਕੇ ਬਘਿਆੜ ਭੱਜ ਗਿਆ ਅਤੇ ਉਥੇ ਇਕ ਬੱਕਰੀ ’ਤੇ ਹਮਲਾ ਕਰ ਦਿਤਾ। ਪਿੰਡ ’ਚ ਬਘਿਆੜ ਦੇ ਆਉਣ ਦੀ ਸੂਚਨਾ ਮਿਲਣ ’ਤੇ ਚੌਕਸ ਪਿੰਡ ਵਾਸੀਆਂ ਨੇ ਉਸ ਨੂੰ ਘੇਰ ਲਿਆ ਅਤੇ ਕੁੱਟ-ਕੁੱਟ ਕੇ ਮਾਰ ਦਿਤਾ।
ਬਹਿਰਾਈਚ ਦੀ ਮਹਿਸੀ ਤਹਿਸੀਲ ਅਧੀਨ ਘੱਗਰਾ ਨਦੀ ਦੇ ਕੈਚਮੈਂਟ ’ਚ ਸਥਿਤ 50 ਪਿੰਡਾਂ ਦੇ ਹਜ਼ਾਰਾਂ ਵਸਨੀਕ ਲਗਭਗ ਦੋ ਮਹੀਨਿਆਂ ਤੋਂ ਬਘਿਆੜਾਂ ਦੇ ਹਮਲੇ ਕਾਰਨ ਦਹਿਸ਼ਤ ’ਚ ਸਨ। 17 ਜੁਲਾਈ ਤੋਂ ਲੈ ਕੇ ਹੁਣ ਤਕ 7 ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਬਘਿਆੜਾਂ ਜਾਂ ਹੋਰ ਜਾਨਵਰਾਂ ਦੇ ਹਮਲਿਆਂ ਵਿਚ ਲਗਭਗ 36 ਲੋਕ ਜ਼ਖਮੀ ਹੋਏ ਹਨ।
ਜੰਗਲਾਤ ਵਿਭਾਗ ਅਨੁਸਾਰ, ਛੇ ਆਦਮਖੋਰ ਬਘਿਆੜਾਂ ਦਾ ਇਕ ਸਮੂਹ ਪਿੰਡ ਦੇ ਲੋਕਾਂ ’ਤੇ ਹਮਲਾ ਕਰ ਰਿਹਾ ਸੀ। ਉਨ੍ਹਾਂ ਵਿਚੋਂ ਪੰਜ ਨੂੰ ਪਹਿਲਾਂ ਹੀ ਫੜ ਲਿਆ ਜਾ ਚੁੱਕਾ ਹੈ, ਜਦਕਿ ਝੁੰਡ ਵਿਚ ਇਕਲੌਤਾ ਬਘਿਆੜ ਅਜੇ ਫੜਿਆ ਜਾਣਾ ਬਾਕੀ ਸੀ। ਝੁੰਡ ਦੇ ਪੰਜਵੇਂ ਬਘਿਆੜ ਨੂੰ ਕੈਦ ਕਰ ਲਿਆ ਗਿਆ ਸੀ ਅਤੇ 10 ਸਤੰਬਰ ਨੂੰ ਚਿੜੀਆਘਰ ਭੇਜਿਆ ਗਿਆ ਸੀ।