
ਵਾਂਗਚੁਕ ਸਮੇਤ ਲਗਭਗ 18 ਲੋਕ ਲੱਦਾਖ ਭਵਨ ਦੇ ਗੇਟ ਕੋਲ ਬੈਠੇ
ਨਵੀਂ ਦਿੱਲੀ : ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੇ ਲੱਦਾਖ ਨੂੰ ਛੇਵੀਂ ਸੂਚੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਕੌਮੀ ਰਾਜਧਾਨੀ ਦੇ ਜੰਤਰ ਮੰਤਰ ’ਤੇ ਭੁੱਖ ਹੜਤਾਲ ਕਰਨ ਦੀ ਇਜਾਜ਼ਤ ਨਾ ਦਿਤੇ ਜਾਣ ’ਤੇ ਨਿਰਾਸ਼ਾ ਜ਼ਾਹਰ ਕੀਤੀ ਹੈ ਅਤੇ ਲੱਦਾਖ ਭਵਨ ’ਚ ਹੀ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਹੈ।
ਜੰਤਰ ਮੰਤਰ ’ਤੇ ਭੁੱਖ ਹੜਤਾਲ ’ਤੇ ਬੈਠਣ ਦੀ ਉਨ੍ਹਾਂ ਦੀ ਬੇਨਤੀ ਨੂੰ ਰੱਦ ਕਰਨ ਵਾਲੀ ਦਿੱਲੀ ਪੁਲਿਸ ਦੀ ਚਿੱਠੀ ਦੀ ਕਾਪੀ ਸਾਂਝੀ ਕਰਦਿਆਂ ਵਾਂਗਚੁਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਮੰਚ ’ਤੇ ਇਕ ਪੋਸਟ ਵਿਚ ਕਿਹਾ, ‘‘ਇਕ ਹੋਰ ਨਾਮਨਜ਼ੂਰੀ, ਇਕ ਹੋਰ ਨਿਰਾਸ਼ਾ। ਆਖਰਕਾਰ, ਅੱਜ ਸਵੇਰੇ, ਸਾਨੂੰ ਵਿਰੋਧ ਪ੍ਰਦਰਸ਼ਨ ਲਈ ਅਧਿਕਾਰਤ ਤੌਰ ’ਤੇ ਨਿਰਧਾਰਤ ਸਥਾਨ ਬਾਰੇ ਇਹ ਨਾਮਨਜ਼ੂਰੀ ਪੱਤਰ ਮਿਲਿਆ।’’
ਵਾਂਗਚੁਕ ਸਮੇਤ ਲਗਭਗ 18 ਲੋਕ ਲੱਦਾਖ ਭਵਨ ਦੇ ਗੇਟ ਕੋਲ ਬੈਠੇ ਹਨ ਅਤੇ ‘ਹਮ ਹੋਂਗੇ ਕਾਮਯਾਬ’ ਗੀਤ ਗਾ ਰਹੇ ਸਨ ਅਤੇ ‘ਭਾਰਤ ਮਾਤਾ ਕੀ ਜੈ’, ‘ਜੈ ਲੱਦਾਖ’ ਅਤੇ ‘ਲੱਦਾਖ ਬਚਾਉ, ਹਿਮਾਲਿਆ ਬਚਾਉ’ ਵਰਗੇ ਨਾਹਰੇ ਲਗਾ ਰਹੇ ਸਨ। ਵਾਂਗਚੁਕ ਨਾਲ ਲੱਦਾਖ ਤੋਂ ਆਏ ਜ਼ਿਆਦਾਤਰ ਪ੍ਰਦਰਸ਼ਨਕਾਰੀ ਵਾਪਸ ਪਰਤ ਗਏ ਹਨ ਜਦਕਿ ਬਾਕੀ ਭੁੱਖ ਹੜਤਾਲ ’ਤੇ ਬੈਠ ਗਏ ਹਨ।
ਉਨ੍ਹਾਂ ਕਿਹਾ, ‘‘ਜੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਂਦੀ ਤਾਂ ਕਿਰਪਾ ਕਰ ਕੇ ਸਾਨੂੰ ਦੱਸੋ ਕਿ ਕਿਸ ਜਗ੍ਹਾ ’ਤੇ ਪ੍ਰਦਰਸ਼ਨ ਦੀ ਇਜਾਜ਼ਤ ਹੈ। ਅਸੀਂ ਸਾਰੇ ਕਾਨੂੰਨਾਂ ਦੀ ਪਾਲਣਾ ਕਰਨਾ ਚਾਹੁੰਦੇ ਹਾਂ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਅਪਣੀਆਂ ਸ਼ਿਕਾਇਤਾਂ ਜ਼ਾਹਰ ਕਰਨਾ ਚਾਹੁੰਦੇ ਹਾਂ। ਗਾਂਧੀ ਦੇ ਅਪਣੇ ਹੀ ਦੇਸ਼ ’ਚ ਗਾਂਧੀ ਦੇ ਦਰਸਾਏ ਰਸਤੇ ’ਤੇ ਚੱਲਣਾ ਇੰਨਾ ਮੁਸ਼ਕਲ ਕਿਉਂ ਹੈ? ਕੋਈ ਰਸਤਾ ਤਾਂ ਹੋਵੇਗਾ।’’
ਚਿੱਠੀ ’ਚ ਦਿੱਲੀ ਪੁਲਿਸ ਨੇ ਕਿਹਾ ਕਿ ਬੇਨਤੀ ਆਖਰੀ ਸਮੇਂ ’ਤੇ ਮਿਲੀ ਸੀ ਅਤੇ ਬੈਠਕ ਲਈ ਕੋਈ ਖਾਸ ਸਮਾਂ ਸੀਮਾ ਨਹੀਂ ਦੱਸੀ ਗਈ ਸੀ। ਪੁਲਿਸ ਨੇ ਕਿਹਾ ਕਿ ਹਦਾਇਤਾਂ ਅਨੁਸਾਰ ਜੰਤਰ ਮੰਤਰ ’ਤੇ ਕਿਸੇ ਵੀ ਵਿਰੋਧ ਪ੍ਰਦਰਸ਼ਨ ਲਈ ਅਰਜ਼ੀਆਂ ਯੋਜਨਾਬੱਧ ਪ੍ਰੋਗਰਾਮ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਭੇਜੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਹ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਹੋਣੀਆਂ ਚਾਹੀਦੀਆਂ ਹਨ।
ਪ੍ਰਦਰਸ਼ਨਕਾਰੀਆਂ ਦੀ ਨੁਮਾਇੰਦਗੀ ਕਰ ਰਹੇ ‘ਲੇਹ ਏਪੇਕਸ ਬਾਡੀ’ ਦੇ ਕੋਆਰਡੀਨੇਟਰ ਜਿਗਮਤ ਪਾਲਜੋਰ ਨੇ ਦਸਿਆ ਕਿ ਉਹ ਇਕ ਬਦਲਵੀਂ ਥਾਂ ਦੀ ਭਾਲ ਕਰ ਰਹੇ ਹਨ, ਜਿਸ ਲਈ ਪੁਲਿਸ ਅਤੇ ਸਰਕਾਰ ਨਾਲ ਵਿਚਾਰ-ਵਟਾਂਦਰੇ ਚੱਲ ਰਹੇ ਹਨ।
ਸਨਿਚਰਵਾਰ ਰਾਤ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਾਂਝਾ ਕੀਤੇ ਗਏ ਇਕ ਵੀਡੀਉ ਸੰਦੇਸ਼ ’ਚ ਵਾਂਗਚੁਕ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਰਾਜਘਾਟ ’ਤੇ ਭੁੱਖ ਹੜਤਾਲ ਤੋੜੀ ਤਾਂ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਚੋਟੀ ਦੀ ਲੀਡਰਸ਼ਿਪ ਨੂੰ ਮਿਲਣ ਦਾ ਭਰੋਸਾ ਦਿਤਾ ਗਿਆ ਸੀ ਪਰ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪਿਆ।
ਵਾਂਗਚੁਕ ਨੇ ਸੰਦੇਸ਼ ’ਚ ਕਿਹਾ, ‘‘ਇਸ ਗੱਲ ’ਤੇ ਚਰਚਾ ਹੋਣੀ ਚਾਹੀਦੀ ਹੈ ਕਿ ਲੋਕਤੰਤਰ ’ਚ ਅਜਿਹੀ ਕੋਈ ਜਗ੍ਹਾ ਕਿਉਂ ਨਹੀਂ ਹੈ, ਜਿੱਥੇ ਲੋਕ ਸ਼ਾਂਤੀ ਨਾਲ ਬੈਠ ਕੇ ਅਪਣਾ ਦਰਦ ਸਾਂਝਾ ਕਰ ਸਕਣ।’’ ਜਲਵਾਯੂ ਕਾਰਕੁਨ ਵਾਂਗਚੁਕ ‘ਦਿੱਲੀ ਚਲੋ ਪੈਦਲ ਯਾਤਰਾ’ ਦੀ ਅਗਵਾਈ ਕਰ ਰਹੇ ਹਨ, ਜੋ ਇਕ ਮਹੀਨਾ ਪਹਿਲਾਂ ਲੇਹ ਤੋਂ ਸ਼ੁਰੂ ਹੋਈ ਸੀ।
ਇਸ ਮਾਰਚ ਨੂੰ ਲੇਹ ਦੀ ਸਰਵਉੱਚ ਸੰਸਥਾ ਨੇ ਕੀਤਾ ਸੀ, ਜੋ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (ਸੀ.ਡੀ.ਏ.) ਦੇ ਸਹਿਯੋਗ ਨਾਲ ਪਿਛਲੇ ਚਾਰ ਸਾਲਾਂ ਤੋਂ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਅਤੇ ਸੰਵਿਧਾਨ ਦੀ ਛੇਵੀਂ ਸੂਚੀ ’ਚ ਸ਼ਾਮਲ ਕਰਨ ਲਈ ਅੰਦੋਲਨ ਕਰ ਰਹੀ ਹੈ।