
ਆਈਪੀਐਲ ਵਿਚ ਵੱਡਾ ਬਦਲਾਅ ਕਰਨ ਬਾਰੇ ਸੋਚ ਰਹੀ ਹੈ ਬੀਸੀਸੀਆਈ
ਨਵੀਂ ਦਿੱਲੀ : ਪਿਛਲੇ ਕਈ ਵਿਵਾਦਤ ਫੈਸਲਿਆਂ ਦੇ ਕਾਰਨ ਭਾਰਤੀ ਮੈਚ ਅਧਿਕਾਰੀਆਂ ਦੇ ਪੱਧਰ 'ਤੇ ਕਈ ਸਵਾਲ ਖੜੇ ਹੋਏ ਹਨ। ਇਹੋ ਜਿਹੇ ਵਿਚ ਆਈਪੀਐਲ ਗਵਰਨਿੰਗ ਕੌਂਸਲ ਪਹਿਲੀ ਵਾਰ ਨੋ ਬਾਲ ਦੇ ਲਈ ਵੱਖਰਾ ਅੰਪਾਇਰ ਰੱਖਣ ਬਾਰੇ ਸੋਚ ਰਹੀ ਹੈ।
IPL
ਗਵਰਨਿੰਗ ਕੌਸਲ ਦੇ ਇਕ ਮੈਂਬਰ ਨੇ ਕਿਹਾ ਕਿ ਜੇਕਰ ਸੱਭ ਕੁੱਝ ਠੀਕ ਰਿਹਾ ਤਾਂ ਅਗਲੇ ਆਈਪੀਐਲ਼ ਵਿਚ ਨਿਯਮਤ ਅੰਪਾਇਰ ਤੋਂ ਇਲਾਵਾ ਨੋ ਬਾਲ ਦੇ ਲਈ ਇਕ ਅਲੱਗ ਅੰਪਾਇਰ ਹੋਵੇਗਾ। ਆਈਪੀਐਲ ਗਵਰਨਿੰਗ ਕੌਸਲ ਦੀ ਬੈਠਕ ਵਿਚ ਇਸ 'ਤੇ ਗੱਲ ਹੋਈ ਹੈ।
IPL Match
ਪਿਛਲੇ ਆਈਪੀਐਲ ਵਿਚ ਨੋ ਬਾਲ ਦੇ ਕਈ ਫੈਸਲਿਆਂ ਉੱਤੇ ਵਿਵਾਦ ਹੋਇਆ ਸੀ। ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਭਾਰਤੀ ਅੰਪਾਇਰ ਐਸ. ਰਵੀ ਦੇ ਨਾਲ ਬਹਿਸਬਾਜੀ ਵੀ ਹੋ ਗਈ ਸੀ ਜੋ ਇਕ ਆਈਪੀਐਲ ਮੈਚ ਦੇ ਦੌਰਾਨ ਮੁੰਬਈ ਇੰਡੀਅਨਸ ਦੇ ਲਸਿਥ ਮਲਿੰਗਾ ਦੀ ਨੋ ਬਾਲ ਨਹੀਂ ਫੜ ਸਕੇ ਸਨ, ਜਿਸ ਕਾਰਨ ਰਾਇਲ ਚੈਲੇਜਰ ਬੰਗਲੁਰੂ ਉਹ ਮੈਚ ਹਾਰ ਗਈ ਸੀ।
BCCI
ਮੰਨਿਆ ਜਾ ਰਿਹਾ ਹੈ ਕਿ ਬੀਸੀਸੀਆਈ ਆਈਪੀਐਲ ਵਿਚ ਵੱਡਾ ਬਦਲਾਅ ਕਰਨ ਬਾਰੇ ਸੋਚ ਰਹੀ ਹੈ। ਇਸ ਦੇ ਤਹਿਤ ਲੜੀ ਵਿਚ ਅਗਲੀ ਵਾਰ ਪਾਵਰ ਪਲੇਅਰ ਦਾ ਨਿਯਮ ਲਿਆਉਣ 'ਤੇ ਵਿਚਾਰ ਕੀਤਾ ਜਾਵੇਗਾ। ਇਸ ਨਿਯਮ ਦੇ ਤਹਿਤ ਮੈਚ ਵਿਚ ਕਦੇ ਵੀ ਵਿਕਟ ਡਿੱਗਣ ਤੋਂ ਬਾਅਦ ਜਾਂ ਓਵਰ ਖਤਮ ਹੋਣ ਤੋਂ ਬਾਅਦ ਖਿਡਾਰੀ ਬਦਲੇ ਜਾ ਸਕਦੇ ਹਨ।