
ਜ਼ਮਾਨਤ ਦੀ ਅਰਜ਼ੀ 'ਤੇ ਅੱਜ ਹੋਵੇਗੀ ਸੁਣਵਾਈ
ਮੁੰਬਈ: ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਬੰਬੇ ਹਾਈ ਕੋਰਟ ਤੋਂ ਕਥਿਤ ਤੌਰ 'ਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿਚ ਕੋਈ ਤੁਰਤ ਰਾਹਤ ਨਹੀਂ ਮਿਲੀ। ਅਰਨਬ ਗੋਸਵਾਮੀ ਦੀ ਜ਼ਮਾਨਤ ਪਟੀਸ਼ਨ ਅਧੂਰੀ ਹੋਣ ਕਾਰਨ ਅਦਾਲਤ ਨੇ ਸ਼ੁਕਰਵਾਰ ਨੂੰ ਇਸ 'ਤੇ ਸੁਣਵਾਈ ਨਹੀਂ ਕਰ ਸਕੀ। ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਸ਼ਨਿੱਚਰਵਾਰ ਨੂੰ ਵੀ ਜਾਰੀ ਰਹੇਗੀ। ਗੋਸਵਾਮੀ ਨੇ ਬੰਬੇ ਹਾਈ ਕੋਰਟ ਵਿਚ ਉਸ ਦੀ ਗ੍ਰਿਫ਼ਤਾਰੀ ਨੂੰ ਗ਼ੈਰਕਾਨੂੰਨੀ ਦਸਦਿਆਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ।
ਜਸਟਿਸ ਐਸ ਐਸ ਸ਼ਿੰਦੇ ਅਤੇ ਜਸਟਿਸ ਐਮ ਐਸ ਕਰਨਿਕ ਦਾ ਬੈਂਚ ਸ਼ਨਿਚਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗਾ। ਦਸਣਯੋਗ ਹੈ ਕਿ ਗੋਸਵਾਮੀ ਨੂੰ ਆਰਕੀਟੈਕਟ ਅਤੇ ਇੰਟੀਰਿਅਰ ਡਿਜ਼ਾਈਨਰ ਅੰਵਯ ਨਾਈਕ ਦੀ ਖ਼ੁਦਕੁਸ਼ੀ ਦੇ ਦੋਸ਼ ਵਿਚ ਬੁਧਵਾਰ ਨੂੰ ਲੋਅਰ ਪਰੇਲ ਵਿਚ ਉਸ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਅਰਨਬ ਨੇ ਬੰਬੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਵਿਰੁਧ ਦਰਜ ਕੀਤੀ ਐਫ਼ਆਈਆਰ ਨੂੰ ਰੱਦ ਕਰੇ। ਗ੍ਰਿਫ਼ਤਾਰੀ ਤੋਂ ਬਾਅਦ ਅਲੀਬਾਗ਼ ਦੀ ਇਕ ਅਦਾਲਤ ਨੇ ਗੋਸਵਾਮੀ ਅਤੇ ਦੋ ਹੋਰ ਮੁਲਜ਼ਮਾਂ ਨੂੰ 18 ਨਵੰਬਰ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ। ਇਸ ਵੇਲੇ ਗੋਸਵਾਮੀ ਨੂੰ ਇਕ ਸਥਾਨਕ ਸਕੂਲ ਵਿਚ ਰੱਖਿਆ ਗਿਆ ਹੈ। ਸਕੂਲ ਨੂੰ ਅਲੀਬਾਗ਼ ਜੇਲ ਦਾ ਕੋਵਿਡ ਸੈਂਟਰ ਬਣਾਇਆ ਗਿਆ ਸੀ। ਗੋਸਵਾਮੀ ਨੇ ਅਪਣੀ ਪਟੀਸ਼ਨ ਵਿਚ ਉਸ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿਤੀ ਹੈ। (ਏਜੰਸੀ)