
ਕਿਸਾਨਾਂ ਲਈ ਪੱਕੇ ਮੋਰਚੇ ਲਗਾਉਣ ਲਈ ਚਾਨਣੀਆਂ ਕਨਾਤਾਂ (ਟੈਂਟ) ਦਾ ਇੰਤਜ਼ਾਮ ਕੀਤਾ ਹੈ
ਨਵੀਂ ਦਿੱਲੀ - ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਿਸ ਨੂੰ ਵਖ਼ਤ ਪਾਉਣ ਵਾਲਾ ਨੌਜਵਾਨ ਇੰਦਰਪਾਲ ਸਿੰਘ ਫਿਰ ਦਿੱਲੀ ਜਾਣ ਲਈ ਤਿਆਰ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਡਾ ਪੰਜਾਬ ਫ਼ੈਡਰੇਸ਼ਨ ਦੇ ਆਗੂ ਇੰਦਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸਾਡਾ ਪੰਜਾਬ ਫ਼ੈਡਰੇਸ਼ਨ ਕਿਸਾਨਾਂ ਦਾ ਸਾਥ ਦੇ ਰਹੀ ਹੈ ਅਤੇ ਇਸ ਸੰਘਰਸ਼ ਦੌਰਾਨ ਹੀ ਸੰਘੂ ਬਾਰਡਰ 'ਤੇ ਇੰਦਰਪਾਲ ਸਿੰਘ ਨੇ ਟਰੱਕ ਤੋਂ ਛਲਾਂਗ ਲਗਾ ਕੇ ਹਰਿਆਣਾ ਪੁਲਿਸ ਨੂੰ ਭਾਜੜਾਂ ਪਾਈਆਂ ਸੀ ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ।
FARMER
ਉਕਤ ਨੌਜਵਾਨ ਨੇ ਦੱਸਿਆ ਕਿ ਅੱਜ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਲਈ ਪੱਕੇ ਮੋਰਚੇ ਲਗਾਉਣ ਲਈ ਚਾਨਣੀਆਂ ਕਨਾਤਾਂ (ਟੈਂਟ) ਦਾ ਇੰਤਜ਼ਾਮ ਕੀਤਾ ਹੈ ਅਤੇ ਨਾਲ ਹੀ ਖਾਣ ਲਈ ਰਾਸ਼ਨ, ਸੌਣ ਲਈ ਗੱਦੇ ਅਤੇ ਹੋਰ ਜ਼ਰੂਰੀ ਸਮਾਨ ਨਾਲ ਲੈ ਕੇ ਉਹ ਵੱਡੇ ਕਾਫ਼ਲੇ ਨਾਲ ਦਿੱਲੀ ਨੂੰ ਰਵਾਨਾ ਹੋਣ ਜਾ ਰਹੇ ਹਨ। ਨੌਜਵਾਨ ਨੇ ਕਿਹਾ ਕਿ ਇਹ ਸੰਘਰਸ਼ ਉਦੋਂ ਹੀ ਖ਼ਤਮ ਹੋਵੇਗਾ ਜਦੋਂ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰੇਗਾ।
Farmer
ਸਾਡਾ ਪੰਜਾਬ ਫ਼ੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਬਹੁ ਗਿਣਤੀ ਕਿਸਾਨ ਟਰਾਲੀਆਂ ਵਿਚ ਸੌ ਕੇ ਗੁਜ਼ਾਰਾ ਕਰ ਰਹੇ ਹਨ ਜਦ ਕਿ ਵੱਡੀ ਗਿਣਤੀ ਵਿਚ ਲੋਕ ਜਿਹੜੇ ਕਾਰਾਂ ਆਦਿ ਵਿਚ ਜਾ ਕੇ ਇਸ ਅੰਦੋਲਨ ਦਾ ਸਹਿਯੋਗ ਕਰ ਰਹੇ ਹਨ ਉਹਨਾਂ ਕੋਲ ਦਿਨ ਕੱਟਣ ਲਈ ਕੋਈ ਵਿਸ਼ੇਸ਼ ਸਥਾਨ ਨਹੀਂ ਹੈ। ਇਸ ਲਈ ਉਹ ਦਿੱਲੀ ਵਿਚ ਇਕ ਵਿਸ਼ੇਸ਼ ਕੈਂਪ ਸਥਾਪਤ ਕਰਨਗੇ, ਜਿੱਥੇ ਕੋਈ ਵੀ ਆ ਕੇ ਆਰਾਮ ਕਰ ਸਕਦਾ ਹੈ ਜਾਂ ਸੌਂ ਵੀ ਸਕਦਾ ਹੈ।