
ਪੰਜਾਬ ਵਿਚ ਪ੍ਰਧਾਨ ਮੰਤਰੀ ਦੇ ਕਾਫਲੇ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ।
ਦੇਹਰਾਦੂਨ: ਪੰਜਾਬ ਵਿਚ ਪ੍ਰਧਾਨ ਮੰਤਰੀ ਦੇ ਕਾਫਲੇ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਭਾਜਪਾ ਕਾਂਗਰਸ ਨੂੰ ਘੇਰਨ 'ਚ ਕੋਈ ਕਸਰ ਨਹੀਂ ਛੱਡ ਰਹੀ, ਇਸ ਲਈ ਹੁਣ ਕਾਂਗਰਸ ਨੇ ਵੀ ਜਵਾਬੀ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਹਰੀਸ਼ ਰਾਵਤ ਨੇ ਇਸ ਪੂਰੀ ਘਟਨਾ 'ਤੇ ਅਪਣਾ ਬਿਆਨ ਜਾਰੀ ਕੀਤਾ ਹੈ। ਹਰੀਸ਼ ਰਾਵਤ ਨੇ ਕਿਹਾ, “ਜੇ ਅੱਧੇ ਘੰਟੇ ਦੀ ਦੇਰੀ ਵੀ ਹੋ ਜਾਂਦੀ ਤਾਂ ਕਿਹੜਾ ਬੰਬ ਫਟ ਜਾਣਾ ਸੀ?”
ਹਰੀਸ਼ ਰਾਵਤ ਨੇ ਕਿਹਾ ਕਿ ਕਾਂਗਰਸ ਨੂੰ ਦੁੱਖ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ ਹੋਈ ਪਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰ ਦੀ ਹੈ। ਸਵਾਲ ਇਹ ਹੈ ਕਿ ਕੇਂਦਰ ਪੀਐਮ ਦੀ ਸੁਰੱਖਿਆ ਕਿਉਂ ਨਹੀਂ ਕਰ ਸਕਿਆ? ਉਹ ਵੀ ਉਦੋਂ ਜਦੋਂ ਸੂਬੇ ਦਾ ਡੀਜੀਪੀ ਵੀ ਬਿਨ੍ਹਾਂ ਚੈਕਿੰਗ ਤੋਂ ਪ੍ਰਧਾਨ ਮੰਤੀਰ ਤੱਕ ਨਹੀਂ ਪਹੁੰਚ ਸਕਦਾ। ਕਿਸਾਨ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਅਸੀਂ ਕਾਫਲੇ ਨੂੰ ਰੋਕਾਂਗੇ ਫਿਰ ਕੇਂਦਰੀ ਏਜੰਸੀਆਂ ਅਲਰਟ ਕਿਉਂ ਨਹੀਂ ਹੋਈਆਂ?
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਭਾਜਪਾ ਦੇਸ਼ ਭਰ ਵਿਚ ਵਿਚ ਥਾਂ-ਥਾਂ ਪ੍ਰਦਰਸ਼ਨ ਕਰ ਰਹੀ ਹੈ। ਉਧਰ ਬੀਤੇ ਦਿਨ ਉੱਤਰਾਖੰਡ ਵਿਚ ਵੀ ਵੱਡੀ ਘਟਨਾ ਸਾਹਮਣੇ ਆਈ। ਦਰਅਸਲ ਹਰੀਸ਼ ਰਾਵਤ ਕਾਸ਼ੀਪੁਰ ਵਿਚ ਕਾਂਗਰਸ ਮੈਂਬਰਸ਼ਿਪ ਪ੍ਰੋਗਰਾਮ ਵਿਚ ਸ਼ਾਮਲ ਹੋ ਰਹੇ ਸਨ, ਜਿਵੇਂ ਹੀ ਰਾਵਤ ਸਟੇਜ ਤੋਂ ਉਤਰੇ ਤਾਂ ਇੱਕ ਸਿਰਫਿਰਾ ਵਿਅਕਤੀ ਚਾਕੂ ਲੈ ਕੇ ਸਟੇਜ ਉੱਤੇ ਚੜ੍ਹ ਗਿਆ। ਇਸ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।