
ਮੁਲਜ਼ਮ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ, ਜੋ ਪੀੜਤ ਨੂੰ ਦਿੱਤਾ ਜਾਵੇਗਾ
ਬਹਿਰਾਇਚ - ਤੇਜ਼-ਤਰਾਰ ਫ਼ੈਸਲਾ ਕਰਦੇ ਹੋਏ, ਇੱਥੋਂ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਸੱਤ ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਵਿੱਚ, ਮੁਲਜ਼ਮ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੇ ਜਾਣ ਦੇ 27ਵੇਂ ਦਿਨ ਸ਼ਨੀਵਾਰ ਨੂੰ ਉਸ ਨੂੰ ਉਮਰ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
ਵਿਸ਼ੇਸ਼ ਸਰਕਾਰੀ ਵਕੀਲ (ਪੋਕਸੋ ਐਕਟ) ਸੰਤ ਪ੍ਰਤਾਪ ਸਿੰਘ ਨੇ ਦੱਸਿਆ ਕਿ ਚਾਰਜਸ਼ੀਟ ਦਾਇਰ ਹੋਣ ਦੇ 27ਵੇਂ ਦਿਨ ਵਧੀਕ ਸੈਸ਼ਨ ਜੱਜ/ਵਿਸ਼ੇਸ਼ ਜੱਜ (ਪੋਕਸੋ ਐਕਟ) ਵਰੁਣ ਮੋਹਿਤ ਨਿਗਮ ਦੀ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨੇ ਦੀ ਰਾਸ਼ੀ ਪੀੜਤ ਲੜਕੀ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।
ਸਿੰਘ ਨੇ ਦੱਸਿਆ ਕਿ ਕੋਤਵਾਲੀ ਮੁਰਤਿਹਾ ਇਲਾਕੇ ਦੇ ਵਸਨੀਕ ਨੇ 30 ਅਕਤੂਬਰ, 2022 ਨੂੰ ਪਿੰਡ ਧਰਮਪੁਰ ਬੇਝਾ ਦੇ 19 ਸਾਲਾ ਮੁੱਕੂ 'ਤੇ ਆਪਣੀ 7 ਸਾਲਾ ਧੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ। ਇਸ ਮਾਮਲੇ ਦੇ ਮੁਲਜ਼ਮ ਨੂੰ 1 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅੱਜ ਤੋਂ 27 ਦਿਨ ਪਹਿਲਾਂ ਪੁਲੀਸ ਨੇ ਜਾਂਚ ਮੁਕੰਮਲ ਕਰਕੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਸੀ।
ਵਧੀਕ ਪੁਲੀਸ ਸੁਪਰਡੈਂਟ (ਦਿਹਾਤੀ) ਅਸ਼ੋਕ ਕੁਮਾਰ ਨੇ ਦੱਸਿਆ ਕਿ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਬਹੁਤ ਘੱਟ ਸਮੇਂ ਵਿੱਚ ਇਨਸਾਫ਼ ਮਿਲਣ ’ਤੇ ਪੁਲੀਸ ਅਤੇ ਨਿਆਂ ਪ੍ਰਣਾਲੀ ਦਾ ਧੰਨਵਾਦ ਕੀਤਾ ਹੈ।