
ਭਾਜਪਾ ਆਗੂ ਅਮਿਤ ਮਾਲਵੀਆ ਨੇ 2015 ਦੇ ਇੱਕ ਮਾਮਲੇ ਦਾ ਜ਼ਿਕਰ ਕਰਦਿਆਂ ਕੀਤਾ ਟਵੀਟ
ਨਵੀਂ ਦਿੱਲੀ - ਏਅਰ ਇੰਡੀਆ ਦੀ ਫ਼ਲਾਈਟ ਦੌਰਾਨ 'ਪਿਸ਼ਾਬ ਕਰਨ' ਦੀ ਘਟਨਾ ਤੋਂ ਉੱਠੇ ਰੌਲ਼ੇ ਵਿਚਕਾਰ, ਭਾਰਤੀ ਜਨਤਾ ਪਾਰਟੀ ਨੇ ਇੱਕ ਪੁਰਾਣਾ ਮਾਮਲਾ ਚੁੱਕ ਕੇ ਕਾਂਗਰਸ ਅਤੇ ਕਨ੍ਹਈਆ ਕੁਮਾਰ ਉੱਤੇ ਤਿੱਖੇ ਨਿਸ਼ਾਨੇ ਸੇਧੇ।
ਵਿਵਾਦ 2015 ਦਾ ਦੱਸਿਆ ਗਿਆ ਹੈ ਜਦੋਂ ਕਨ੍ਹਈਆ ਕੁਮਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਭਾਜਪਾ ਆਗੂ ਅਮਿਤ ਮਾਲਵੀਆ ਨੇ ਉਸ ਮਾਮਲੇ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ 'ਦੂਜੇ-ਸਭ ਤੋਂ ਪ੍ਰਸਿੱਧ' ਆਗੂ 'ਤੇ ਖੁੱਲ੍ਹੇ 'ਚ ਪਿਸ਼ਾਬ ਕਰਨ ਦਾ ਦੋਸ਼ ਲਗਾਉਂਦੇ ਹੋਏ ਹੱਲਾ ਬੋਲਿਆ।
ਅਮਿਤ ਮਾਲਵੀਆ ਨੇ ਟਵੀਟ 'ਚ ਲਿਖਿਆ ਕਿ ਇਹ ਭੁਲਾਇਆ ਨਹੀਂ ਜਾ ਸਕਦਾ ਕਿ ਰਾਹੁਲ ਗਾਂਧੀ ਤੋਂ ਬਾਅਦ ਦੂਜੇ ਸਭ ਤੋਂ ਪ੍ਰਸਿੱਧ ਕਾਂਗਰਸੀ ਆਗੂ (ਜੈਰਾਮ ਰਮੇਸ਼ ਦੁਆਰਾ ਕੀਤੇ ਐਲਾਨ ਮੁਤਾਬਕ) ਕਨ੍ਹਈਆ ਕੁਮਾਰ 'ਤੇ ਕੈਂਪਸ ਵਿੱਚ ਖੁੱਲ੍ਹੇ ਵਿੱਚ ਪਿਸ਼ਾਬ ਕਰਨ ਅਤੇ ਇਸ ਤੋਂ ਰੋਕਣ 'ਤੇ ਗੁੱਸਾ ਜਤਾਉਣ ਦਾ ਦੋਸ਼ ਲਗਾਇਆ ਗਿਆ ਸੀ। ਮਾਲਵੀਆ ਨੇ ਅੱਗੇ ਇਹ ਵੀ ਕਿਹਾ ਕਿ ਕਾਂਗਰਸ ਕੋਲ ਕਿੰਨੇ ਪ੍ਰਤਿਭਾਸ਼ਾਲੀ ਅਹੁਦੇਦਾਰ ਹਨ।
ਘਟਨਾ 2015 ਦੀ ਹੈ, ਜਦੋਂ ਕਨ੍ਹਈਆ ਕੁਮਾਰ ਵਿਦਿਆਰਥੀ ਯੂਨੀਅਨ ਦਾ ਆਗੂ ਨਹੀਂ ਸੀ। ਯੂਨੀਵਰਸਿਟੀ ਦੀ ਇੱਕ ਸਾਬਕਾ ਵਿਦਿਆਰਥਣ ਅਨੁਸਾਰ, ਕਾਂਗਰਸੀ ਆਗੂ ਖੁੱਲ੍ਹੇ ਵਿੱਚ ਪਿਸ਼ਾਬ ਕਰਦਾ ਪਾਇਆ ਗਿਆ ਸੀ, ਅਤੇ ਜਦੋਂ ਉਸ (ਲੜਕੀ) ਨੇ ਇਸ ਲਈ ਕਨ੍ਹਈਆ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਨਾਲ 'ਦੁਰਵਿਉਹਾਰ ਕੀਤਾ ਅਤੇ ਧਮਕਾਇਆ।'
ਕੁਮਾਰ ਨੂੰ 'ਜਾਅਲੀ ਕ੍ਰਾਂਤੀਕਾਰੀ' ਕਹਿੰਦੇ ਹੋਏ, ਸਾਬਕਾ ਵਿਦਿਆਰਥਣ ਨੇ ਆਪਣੇ ਦਾਅਵਿਆਂ ਦੀ ਪ੍ਰੋੜ੍ਹਤਾ ਲਈ ਇੱਕ ਪੱਤਰ ਵੀ ਪੇਸ਼ ਕੀਤਾ। ਯੂਨੀਵਰਸਿਟੀ ਅਹੁਦੇਦਾਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਨ੍ਹਈਆ ਨੂੰ ਇਸ ਮਾਮਲੇ 'ਚ ਜੁਰਮਾਨਾ ਕੀਤਾ ਗਿਆ ਸੀ। ਹਾਲਾਂਕਿ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐਸ.ਐਫ.), ਜਿਸ ਦੀ ਕੁਮਾਰ ਨੁਮਾਇੰਦਗੀ ਕਰਦਾ ਸੀ, ਉਸ ਨੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਅਤੇ ਇਸ ਨੂੰ ਉਸ ਦਾ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ।
ਜੇ.ਐਨ.ਯੂ. ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਾਬਕਾ ਆਗੂ ਕਨ੍ਹਈਆ ਕੁਮਾਰ 2021 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋਇਆ ਸੀ, ਅਤੇ ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕੁਮਾਰ ਨੂੰ ਰਾਹੁਲ ਗਾਂਧੀ ਤੋਂ ਬਾਅਦ ਪਾਰਟੀ ਦਾ ਦੂਜਾ ਸਭ ਤੋਂ ਹਰਮਨਪਿਆਰਾ ਆਗੂ ਕਿਹਾ ਸੀ।