
195 ਮੈਂਬਰ ਦੇਸ਼ਾਂ ਤੋਂ ਅਪਣੇ ਮਾਮਲਿਆਂ ਬਾਰੇ ਜਾਣਕਾਰੀ ਸਾਂਝੀ ਕਰਨ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤੀ ਜਾਂਚ ਏਜੰਸੀਆਂ ਭਗੌੜਿਆਂ ਨੂੰ ਫੜਨ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ। ਉਨ੍ਹਾਂ ਨੇ ਜਾਂਚ ਏਜੰਸੀਆਂ ਲਈ ਤੇਜ਼ੀ ਨਾਲ ਕੌਮਾਂਤਰੀ ਸਹਾਇਤਾ ਦੀ ਸਹੂਲਤ ਲਈ ਭਾਰਤਪੋਲ ਪੋਰਟਲ ਲਾਂਚ ਕੀਤਾ।
ਇੱਥੇ ਭਾਰਤ ਮੰਡਪਮ ਵਿਖੇ ਭਾਰਤਪੋਲ ਦੀ ਸ਼ੁਰੂਆਤ ਕਰਦਿਆਂ ਮੰਤਰੀ ਨੇ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਵਿਕਸਿਤ ਪੋਰਟਲ ਦੀ ਸੱਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਰੀਅਲ-ਟਾਈਮ ਇੰਟਰਫੇਸ ਹੈ। ਉਨ੍ਹਾਂ ਕਿਹਾ ਕਿ ਪੋਰਟਲ ਕੇਂਦਰੀ ਅਤੇ ਰਾਜ ਏਜੰਸੀਆਂ ਨੂੰ ਇੰਟਰਪੋਲ ਨਾਲ ਆਸਾਨੀ ਨਾਲ ਜੁੜਨ ਅਤੇ ਉਨ੍ਹਾਂ ਦੀ ਜਾਂਚ ’ਚ ਤੇਜ਼ੀ ਲਿਆਉਣ ਦੇ ਯੋਗ ਬਣਾਏਗਾ।
ਉਨ੍ਹਾਂ ਕਿਹਾ, ‘‘ਹੁਣ ਸਮਾਂ ਆ ਗਿਆ ਹੈ ਕਿ ਅਸੀਂ ਅਪਰਾਧ ਕਰਨ ਵਾਲੇ ਭਗੌੜਿਆਂ ਨੂੰ ਫੜਨ ਅਤੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰੀਏ। ਸਾਨੂੰ ਆਲਮੀ ਚੁਨੌਤੀਆਂ ’ਤੇ ਨਜ਼ਰ ਰੱਖਣੀ ਹੋਵੇਗੀ ਅਤੇ ਅਪਣੇ ਅੰਦਰੂਨੀ ਪ੍ਰਣਾਲੀਆਂ ਨੂੰ ਅਪਡੇਟ ਕਰਨਾ ਹੋਵੇਗਾ। ਭਾਰਤਪੋਲ ਉਸ ਦਿਸ਼ਾ ’ਚ ਇਕ ਕਦਮ ਹੈ।’’ਉਨ੍ਹਾਂ ਕਿਹਾ ਕਿ ਨਵਾਂ ਪੋਰਟਲ ਕੇਂਦਰੀ ਅਤੇ ਰਾਜ ਜਾਂਚ ਏਜੰਸੀਆਂ ਨੂੰ ਇੰਟਰਪੋਲ ਦੇ 195 ਮੈਂਬਰ ਦੇਸ਼ਾਂ ਤੋਂ ਅਪਣੇ ਮਾਮਲਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਅਤੇ ਪ੍ਰਾਪਤ ਕਰਨ ਦੀ ਇਜਾਜ਼ਤ ਦੇਵੇਗਾ।