
ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ‘ਤੇ ਸ਼ਬਦੀ ਹਮਲਾ ਬੋਲਿਆ।
ਨਵੀਂ ਦਿੱਲੀ: ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ 1984 ਵਿਚ ਹੋਏ ਸਿੱਖ ਕਤਲੇਆਮ ਨੂੰ ਲੈ ਕੇ ਕਾਂਗਰਸ ‘ਤੇ ਸ਼ਬਦੀ ਹਮਲਾ ਬੋਲਿਆ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਅੰਦਰ ਦੁਨੀਆ ਨੂੰ ਦੱਸਿਆ ਕਿ ਕਿਵੇਂ 1984 ਕਤਲੇਆਮ ਦੇ ਦੋਸ਼ੀ ਨੂੰ ਕਾਂਗਰਸ ਨੇ ਸਿੱਖਾਂ ਦੇ ਜ਼ਖਮਾਂ ‘ਤੇ ਨਮਕ ਲਗਾਉਂਦੇ ਹੋਏ ਮੁੱਖ ਮੰਤਰੀ ਬਣਾਇਆ ਹੈ।
Photo
ਉਹਨਾਂ ਕਿਹਾ ਕਿ ਇਹ ਉਹੀ ਕਮਲਨਾਥ ਹੈ ਜਿਸ ਨੇ 1984 ਵਿਚ ਰਕਾਬ ਗੰਜ ‘ਤੇ ਹਮਲਾ ਕੀਤਾ, ਬੇਗੁਨਾਹ ਪਿਓ-ਪੁੱਤਰ ਨੂੰ ਅੱਗ ਲਗਾ ਕੇ ਮਾਰਿਆ। ਇਸ ਦੇ ਨਾਲ ਹੀ ਇਸ ਨੇ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਪਰ ਇਸ ਸਭ ਦੇ ਬਾਵਜੂਦ ਕਾਂਗਰਸ ਨੇ ਉਸ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਨਾਲ ਨਿਵਾਜਿਆ।
Photo
ਉਹਨਾਂ ਕਿਹਾ ਕਿ ਦੇਸ਼ ਅੰਦਰ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ 35 ਸਾਲ ਪੁਰਾਣਾ ਬੰਦ ਹੋਇਆ ਕੇਸ ਦੁਬਾਰਾ ਖੋਲ੍ਹਿਆ ਗਿਆ। ਉਹਨਾਂ ਕਿਹਾ ਕਿ ਉਹਨਾਂ ਨੂੰ ਯਾਦ ਹੈ ਕਿ ਪੀਐਮ ਮੋਦੀ ਨੇ ਕਿਹਾ ਸੀ ਕਿ ਹੁਣ ਕਮਲ ਨਾਥ ਤਿਹਾੜ ਜੇਲ੍ਹ ਅੰਦਰ ਸੱਜਣ ਕੁਮਾਰ ਦਾ ਸਾਥੀ ਬਣੇਗਾ। ਉਹਨਾਂ ਕਿਹਾ ਕਿ ਕਮਲ ਨਾਥ ਪਹਿਲਾ ਅਜਿਹਾ ਮੁੱਖ ਮੰਤਰੀ ਹੋਵੇਗਾ ਜਿਸ ਨੂੰ ਅਸੀਂ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰ ਕੇ ਸਿੱਧਾ ਜੇਲ੍ਹ ਅੰਦਰ ਛੱਡ ਕੇ ਆਵਾਂਗੇ।
Photo
ਉਹਨਾਂ ਕਿਹਾ ਕਿ ਦੁਨੀਆ ਦੇ ਇਤਿਹਾਸ ਵਿਚ ਇਹ ਇਨਸਾਫ ਦੀ ਇਕ ਵੱਡਾ ਘਟਨਾ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ 1984 ਸਿੱਖ ਕਤਲੇਆਮ ਨੂੰ ਲੈ ਕੇ ਕਾਂਗਰਸ ‘ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਸੀ।
Photo
ਮੋਦੀ ਨੇ ਸੰਸਦ ਵਿਚ ਕਿਹਾ,'ਕਾਂਗਰਸ ਘੱਟਗਿਣਤੀਆਂ ਦੇ ਨਾਮ 'ਤੇ ਅਪਣੀਆਂ ਰੋਟੀਆਂ ਸੇਕਦੀ ਰਹਿੰਦੀ ਹੈ। ਕੀ ਕਾਂਗਰਸ ਨੂੰ ਦਿੱਲੀ ਦੇ ਸਿੱਖ ਵਿਰੋਧੀ ਦੰਗੇ ਯਾਦ ਨਹੀਂ? ਕੀ ਸਿੱਖ ਘੱਟਗਿਣਤੀ ਨਹੀਂ ਸੀ? ਤਦ ਸਿੱਖ ਭਰਾਵਾਂ ਦੇ ਗਲਾਂ ਵਿਚ ਟਾਇਰ ਬੰਨ੍ਹ ਕੇ ਸਾੜ ਦਿਤਾ ਗਿਆ ਸੀ, ਸਿੱਖ ਦੰਗਿਆਂ ਦੇ ਮੁਲਜ਼ਮਾਂ ਨੂੰ ਜੇਲ ਨਹੀਂ ਭੇਜਿਆ ਗਿਆ। ਜਿਨ੍ਹਾਂ ਵਿਰੁਧ ਸਿੱਖ ਦੰਗੇ ਭੜਕਾਉਣ ਦਾ ਦੋਸ਼ ਹੈ, ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿਤਾ ਗਿਆ।