
NPSS AI App: ਹੁਣ AI ਦੀ ਵਰਤੋਂ ਨਾਲ ਕਰਨਗੇ ਖੇਤੀ
NPSS AI App: ਕਿਸਾਨ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਦੀ ਵਰਤੋਂ ਆਪਣੀ ਖੇਤੀ ਲਈ ਵੀ ਕਰ ਸਕਣਗੇ। ਸਰਕਾਰੀ ਦਾਅਵੇ ਮੁਤਾਬਿਕ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਇਸ ਨੂੰ ਲੈ ਕੇ ਸਰਕਾਰ ਨੇ ਕਿਸਾਨਾਂ ਦੀ ਮਦਦ ਲਈ NPSS ਐਪ ਲਾਂਚ ਕੀਤਾ ਹੈ, ਜੋ ਹੁਣ ਉਨ੍ਹਾਂ ਦਾ ਸਾਥੀ ਬਣ ਰਿਹਾ ਹੈ।
ਜਾਣਕਾਰੀ ਇਹ ਹੈ ਕਿ ਕਿਸਾਨਾਂ ਲਈ ਬਣਾਈ ਗਈ NPSS ਐਪ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਨਾਲ ਲੈਸ ਹੈ। ਇਸ ਦੇ ਨਾਲ ਹੀ NPSS ਐਪ ਨਾਲ ਕਿਸਾਨ ਆਸਾਨੀ ਨਾਲ ਇਹ ਪਤਾ ਲਗਾ ਸਕਣਗੇ ਕਿ ਕਿਸ ਤਰ੍ਹਾਂ ਦੀ ਖੇਤੀ ਨਾਲ ਚੰਗਾ ਮੁਨਾਫਾ ਹੋਵੇਗਾ ਅਤੇ ਕਿਹੜੀ ਖੇਤੀ ਕਿਸ ਸਮੇਂ ਕਰਨੀ ਸਹੀ ਹੈ।
ਇਹ ਸਾਰੀ ਜਾਣਕਾਰੀ AI ਤਕਨੀਕ ਦੀ ਵਰਤੋਂ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਐਪ ਕੀੜਿਆਂ ਦੀ ਘਣਤਾ ਦੇ ਆਧਾਰ ‘ਤੇ ਖੇਤੀ ਮਾਹਿਰਾਂ ਦੀ ਸਲਾਹ ਵੀ ਦੇਵੇਗੀ। ਕਿਸਾਨ ਇਹ ਜਾਣਕਾਰੀ ਆਪਣੇ ਮੋਬਾਈਲ ‘ਤੇ ਹੀ ਪ੍ਰਾਪਤ ਕਰ ਸਕਣਗੇ।
ਇਸ ਐਪ ਦੀ ਵਰਤੋਂ ਕਿਸਾਨ, ਖੇਤੀਬਾੜੀ ਪਸਾਰ ਅਧਿਕਾਰੀ, ਖੇਤੀਬਾੜੀ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਆਈਸੀਏਆਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਧਿਕਾਰੀ ਵੀ ਕਰ ਸਕਣਗੇ।
NPSS ਐਪ ਕੀੜਿਆਂ ਅਤੇ ਬਿਮਾਰੀਆਂ ਦੀ ਪਛਾਣ ਕਰਨ ਦੇ ਸਮਰੱਥ
ਜਾਣਕਾਰੀ ਅਨੁਸਾਰ ਇਹ ਐਪ 61 ਫ਼ਸਲਾਂ ਦੇ ਮੁੱਖ ਕੀੜਿਆਂ ਅਤੇ ਬਿਮਾਰੀਆਂ ਦੀ ਪਛਾਣ ਕਰਨ ਦੇ ਸਮਰੱਥ ਹੈ। ਇਸ ਸਮੇਂ ਇਹ 15 ਪ੍ਰਮੁੱਖ ਫਸਲਾਂ ਜਿਵੇਂ ਕਪਾਹ, ਝੋਨਾ, ਕਣਕ, ਮੱਕੀ, ਮਟਰ, ਮੂੰਗੀ, ਸੋਇਆਬੀਨ, ਗੰਨਾ, ਬੈਂਗਣ, ਟਮਾਟਰ, ਸੇਬ, ਕੇਲਾ, ਅੰਗੂਰ, ਅਨਾਰ ਅਤੇ ਮਿਰਚਾਂ ਦੀ ਨਿਗਰਾਨੀ ਲਈ ਉਪਲਬਧ ਹੈ। ਜਲਦੀ ਹੀ ਹੋਰ ਫਸਲਾਂ ਵੀ ਇਸ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ।
ਮੀਡੀਆ ਨਾਲ ਗੱਲਬਾਤ ਦੌਰਾਨ ਖੇਤੀ ਮਾਹਿਰ ਬਜਰੰਗ ਸਿੰਘ ਨੇ ਦੱਸਿਆ ਕਿ ਇਸ ਐਪ ਦਾ ਉਦੇਸ਼ ਏਆਈ ਤਕਨੀਕ ਰਾਹੀਂ ਫ਼ਸਲਾਂ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੀ ਨਿਗਰਾਨੀ ਅਤੇ ਪ੍ਰਬੰਧਨ ਨੂੰ ਆਸਾਨ ਬਣਾਉਣਾ ਹੈ। NPSS ਐਪ ਕਿਸਾਨਾਂ ਨੂੰ ਖੇਤ ਵਿੱਚ ਹੀ ਕੀੜਿਆਂ ਅਤੇ ਬਿਮਾਰੀਆਂ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ।