
ਕਿਹਾ, ਭਾਜਪਾ ਸਰਕਾਰ ਕਿਸਾਨਾਂ ਦਾ ਕਰ ਰਹੀ ਹੈ ਸ਼ੋਸ਼ਣ
ਮੇਰਠ (ਯੂ. ਪੀ.) : ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਆਯੋਜਿਤ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਕਿਸਾਨਾਂ ਨੂੰ ਦਿੱਲੀ ਸਰਹੱਦ ਵਾਂਗ ਹਰ ਪਿੰਡ ਵਿਚ ਅੰਦੋਲਨ ਕਰਨ ਦਾ ਸੱਦਾ ਦਿਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਜਦੋਂ ਤੁਸੀਂ ਮੁਸੀਬਤ ਵਿਚ ਹੋਵੋਗੇ ਤਾਂ ਕਾਂਗਰਸ ਤੁਹਾਡੇ ਨਾਲ ਖੜੀ ਹੋਏਗੀ, ਤੁਹਾਡੀ ਲੜਾਈ ਮੇਰੀ ਲੜਾਈ ਹੈ ਅਤੇ ਜਦੋਂ ਤਕ ਮੇਰੇ ਵਿਚ ਦਮ ਹੈ, ਉਦੋਂ ਤਕ ਮੈਂ ਕਿਸਾਨਾਂ ਲਈ ਲੜਾਂਗੀ।
Priyanka Gandhi
ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਐਤਵਾਰ ਨੂੰ ਕਾਂਗਰਸ ਵਲੋਂ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ। ਪਿ੍ਰਅੰਕਾ ਨੇ ਅਪਣੇ ਸੰਬੋਧਨ ਵਿਚ ਦੋਸ਼ ਲਾਇਆ ਕਿ ਅੰਗਰੇਜ਼ਾਂ ਦੀ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਰਠ ਦੀ ਧਰਤੀ ਹੈ। ਇਥੋਂ ਹੀ ਆਜ਼ਾਦੀ ਸੰਗਰਾਮ ਦਾ ਪਹਿਲਾ ਵਿਦਰੋਹ ਸ਼ੁਰੂ ਹੋਇਆ ਸੀ। ਉਸ ਆਜ਼ਾਦੀ ਸੰਗਰਾਮ ਵਿਚ ਕਿਸਾਨ ਸ਼ਾਮਲ ਸਨ। ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਏ। ਬਹੁਤ ਸਾਰੇ ਲੋਕ ਸ਼ਹੀਦ ਹੋਏ।
Priyanka Gandhi
ਅੰਗਰੇਜ਼ੀ ਹਕੂਮਤ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਸੀ। ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਸਰਕਾਰ ਵੀ ਕਿਸਾਨਾਂ ਦਾ ਸ਼ੋਸ਼ਣ ਕਰ ਰਹੀ ਹੈ। ਇਹ ਉਹ ਕਾਨੂੰਨ ਹਨ ਜਿਸ ਨਾਲ ਤੁਹਾਡੀ ਆਮਦਨੀ ਸਹੀ ਢੰਗ ਨਾਲ ਨਹੀਂ ਮਿਲ ਸਕੇਗੀ। ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦਾ ਲਾਭ ਵੱਡੇ ਉਦਯੋਗਪਤੀਆਂ ਨੂੰ ਹੋਵੇਗਾ। ਤਿੰਨ ਖੇਤੀ ਕਾਨੂੰਨਾਂ ਵਿਚ ਇਕ ਪਾਸੇ ਖਰਬਪਤੀ ਅਤੇ ਦੂਜੇ ਪਾਸੇ ਤੁਸੀਂ ਤਾਂ ਤੁਹਾਨੂੰ ਕੀ ਲਾਭ ਮਿਲੇਗਾ?”
Priyanka Gandhi Vadra
ਉਨ੍ਹਾਂ ਦੋਸ਼ ਲਾਇਆ ਕਿ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸੇ ਵੀ ਕਿਸਾਨ ਨੂੰ ਨਹੀਂ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਅੰਦੋਲਨ ਦੇ ਸੌ ਦਿਨ ਪੂਰੇ ਹੋ ਚੁਕੇ ਹਨ ਅਤੇ ਜੇਕਰ ਕਿਸਾਨਾਂ ਲਈ ਕਾਨੂੰਨ ਬਣੇ ਹਨ ਤਾਂ ਕਿਸਾਨ ਦਿੱਲੀ ਦੀ ਸਰਹੱਦ ‘ਤੇ ਕਿਉਂ ਬੈਠੇ ਹਨ।
Priyanka Gandhi
ਪਿ੍ਰਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕਿਸਾਨਾਂ ਨੇ ਇਸ ਦੇਸ਼ ਨੂੰ ਆਜ਼ਾਦੀ ਦਿਵਾਈ। ਕਿਸਾਨ ਵਿਚ ਹਿੰਮਤ ਦੀ ਘਾਟ ਨਹੀਂ, ਆਤਮ-ਸ਼ਕਤੀ ਦੀ ਘਾਟ ਨਹੀਂ ਹੈ। ਜੇ ਕਿਸਾਨ ਸਰਹੱਦ ’ਤੇ ਬੈਠੇ ਹਨ, ਤਾਂ ਕੀ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦਾ ਸਨਮਾਨ ਨਹੀਂ ਕਰਨਾ ਚਾਹੀਦਾ। ਪਾਣੀ ਕੱਟਿਆ ਗਿਆ, ਬਿਜਲੀ ਕੱਟ ਦਿਤੀ ਗਈ। ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਬਿਜਲੀ ਦੀਆਂ ਕੀਮਤਾਂ ਵਧੀਆਂ, ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ। ਤੁਹਾਡੇ ਤੇ ਸਾਰੇ ਪਾਸਿਉਂ ਹਮਲੇ ਹੋ ਰਹੇ ਹਨ। ਇਸ ਸਥਿਤੀ ਨੂੰ ਬਦਲਣ ਲਈ ਖੜੇ ਰਹਿਣਾ ਪਏਗਾ।