
ਅਮਰਨਾਥ ਯਾਤਰੀਆਂ 'ਤੇ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਅਤੇ ਹੋਰਨਾਂ ਸਬੰਧਤ ਧਿਰਾਂ ਨੂੰ....
ਨਵੀਂ ਦਿੱਲੀ/ਸ੍ਰੀਨਗਰ, 11 ਜੁਲਾਈ : ਅਮਰਨਾਥ ਯਾਤਰੀਆਂ 'ਤੇ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਅਤੇ ਹੋਰਨਾਂ ਸਬੰਧਤ ਧਿਰਾਂ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਵੇ।
ਜੰਮੂ ਕਸ਼ਮੀਰ ਦੇ ਰਾਜਪਾਲ ਐਨ.ਐਨ. ਵੋਹਰਾ ਨੂੰ ਭੇਜੇ ਸੁਨੇਹੇ ਵਿਚ ਰਾਸ਼ਟਰਪਤੀ ਨੇ ਕਿਹਾ, ''ਬੇਗੁਨਾਹ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਇਸ ਘਿਨਾਉਣੀ ਕਰਤੂਤ ਦੀ ਕੌਮਾਂਤਰੀ ਪੱਧਰ 'ਤੇ ਨਿਖੇਧੀ ਹੋਣੀ ਚਾਹੀਦੀ ਹੈ।''
ਉਧਰ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਅਨੰਤਨਾਗ ਵਿਚ ਅਮਰਨਾਥ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਉਪਰ ਕੀਤੇ ਗਏ ਹਮਲੇ ਨਾਲ ਕਸ਼ਮੀਰੀਆਂ ਦੇ ਮੱਥੇ 'ਤੇ ਦਾਗ਼ ਲੱਗ ਗਿਆ ਹੈ। ਮੁੱਖ ਮੰਤਰੀ ਨੇ ਕਲ ਦੇਰ ਰਾਤ ਹਸਪਤਾਲ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁਛਿਆ।
ਅਮਰੀਕਾ, ਰੂਸ, ਜਰਮਨੀ, ਸ੍ਰੀਲੰਕਾ ਅਤੇ ਬੰਗਲਾਦੇਸ਼ ਨੇ ਨਿਖੇਧੀ ਕਰਦਿਆਂ ਅਤਿਵਾਦ ਵਿਰੁਧ ਲੜਾਈ ਵਿਚ ਭਾਰਤ ਦਾ ਡਟਵਾਂ ਸਾਥ ਦੇਣ ਦਾ ਵਾਅਦਾ ਕੀਤਾ।
ਨਵੀਂ ਦਿੱਲੀ ਤੋਂ ਅਮਨਦੀਪ ਸਿੰਘ ਮੁਤਾਬਕ : ਆਮ ਆਦਮੀ ਪਾਰਟੀ ਨੇ ਅਮਰਨਾਥ ਯਾਤਰੂਆਂ 'ਤੇ ਹੋਏ ਅਤਿਵਾਦੀ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਨੂੰ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਪਾਰਟੀ ਦੇ ਬੁਲਾਰੇ ਸੰਜੇ ਸਿੰਘ ਨੇ ਕਿਹਾ ਕਿ ਅਮਰ ਨਾਥ ਯਾਤਰੂਆਂ 'ਤੇ ਅਤਿਵਾਦੀ ਹਮਲਾ ਦਹਿਸ਼ਤ ਪੈਦਾ ਕਰਨ ਦੀ ਕੋਝੀ ਕਾਰਵਾਈ ਹੈ ਤੇ ਦਰਿੰਦਗੀ ਫੈਲਾਉਣ ਵਾਲਿਆਂ ਨਾਲ ਸਖਤੀ ਨਾਲ ਨਿਪਟਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸ਼ਹਿ ਨਾਲ ਹੋਏ ਹਮਲੇ ਵਿਚ 7 ਜਣਿਆਂ ਦੀ ਮੌਤ ਹੋ ਗਈ ਹੈ ਤੇ ਇਸ ਹਮਲੇ ਬਾਰੇ ਖ਼ੁਫੀਆ ਏਜੰਸੀਆਂ ਨੇ ਪਹਿਲਾਂ ਖ਼ਬਰਦਾਰ ਕੀਤਾ ਸੀ।ਸਰਕਾਰ ਨੂੰ ਚਾਹੀਦਾ ਹੈ ਕਿ ਸੁਰੱਖਿਆ ਵਿਚ ਜੋ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਦੀ ਪੜਚੋਲ ਕੀਤੀ ਜਾਵੇ। ਉਨਾਂ੍ਹ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਲਈ 40 ਹਜ਼ਾਰ ਸੁਰੱਖਿਆ ਦਸਤੇ ਲਾਉਣ ਦੇ ਬਾਵਜੂਦ ਕਿਥੇ ਖਾਮੀ ਰਹੀ, ਉਸ ਦੀ ਨਿਸ਼ਾਨਦੇਹੀ ਕੀਤੀ ਜਾਵੇ।ਉਨਾਂ੍ਹ ਕਿਹਾ ਕਿ ਪਹਿਲਾਂ ਵੀ ਕਈ ਵਾਰ ਅਜਿਹੇ ਹਮਲੇ ਹੋ ਚੁਕੇ ਹਨ ਤੇ ਸਰਕਾਰ ਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ।
ਉਨਾਂ੍ਹ ਯਾਤਰੂਆਂ ਦੀ ਬੱਸ ਦਾ ਸਬੰਧਤ ਅਥਾਰਟੀ ਕੋਲ ਰਜਿਸਟਰਡ ਨਾਲ ਹੋਣ ਸਣੇ ਕਈ ਹੋਰ ਵੀ ਸਵਾਲ ਚੁਕੇ ਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਲੋੜ 'ਤੇ ਜ਼ੋਰ ਦਿਤਾ। (ਪੀਟੀਆਈ)