
ਜੰਮੂ ਕਸ਼ਮੀਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਲਸ਼ਕਰ-ਏ-ਤੋਇਬਾ ਦੇ ਇਕ ਮਾਡਿਊਲ ਦਾ ਭਾਂਡਾ ਭੰਨਿਆ ਹੈ ਅਤੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨਵੀਂ ਦਿੱਲੀ, 10 ਜੁਲਾਈ: ਜੰਮੂ ਕਸ਼ਮੀਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਲਸ਼ਕਰ-ਏ-ਤੋਇਬਾ ਦੇ ਇਕ ਮਾਡਿਊਲ ਦਾ ਭਾਂਡਾ ਭੰਨਿਆ ਹੈ ਅਤੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ 'ਚੋਂ ਇਕ ਵਿਅਕਤੀ ਉੱਤਰ ਪ੍ਰਦੇਸ਼ ਦਾ ਵਾਸੀ ਹੈ ਅਤੇ ਦਖਣੀ ਕਸ਼ਮੀਰ 'ਚ ਪਿਛਲੇ ਮਹੀਨੇ ਛੇ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੀ ਲਸ਼ਕਰ-ਏ-ਤੋਇਬਾ ਅਤਿਵਾਦੀ ਜਥੇਬੰਦੀ ਦਾ ਸਰਗਰਮ ਮੈਂਬਰ ਰਿਹਾ ਹੈ।
ਕਸ਼ਮੀਰ ਪੁਲਿਸ ਦੇ ਡੀ.ਜੀ.ਪੀ. ਮੁਨੀਰ ਖ਼ਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਸ਼ਮੀਰ 'ਚ ਅਤਿਵਾਦ ਨਾਲ ਜੁੜੇ ਅਪਰਾਧਾਂ ਸਮੇਤ ਸਿਲਸਿਲੇਵਾਰ ਸਨਸਨੀਖੇਜ਼ ਅਪਰਾਧਾਂ 'ਚ ਸ਼ਾਮਲ ਰਹੇ ਇਕ ਮਾਡਿਊਲ ਦਾ ਭਾਂਡਾ ਭੰਨਿਆ ਹੈ। ਪੁਲਿਸ ਨੇ ਯੂ.ਪੀ. ਦੇ ਜ਼ਿਲ੍ਹੇ ਮੁਜ਼ੱਫ਼ਰਨਗਰ ਦੇ ਵਾਸੀ ਸੰਦੀਪ ਕੁਮਾਰ ਸ਼ਰਮਾ ਉਰਫ਼ ਆਦਿਲ ਅਤੇ ਦਖਣੀ ਕਸ਼ਮੀਰ ਦੇ ਜ਼ਿਲ੍ਹੇ ਕੁਲਗਾਮ ਵਾਸੀ ਮੁਨੀਬ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੰਦੀਪ ਦੀ ਗ੍ਰਿਫ਼ਤਾਰੀ ਅਪਰਾਧ ਅਤੇ ਅਤਿਵਾਦ ਵਿਚਕਾਰ ਧੁੰਦਲੀਆਂ ਹੁੰਦੀਆਂ ਰੇਖਾਵਾਂ ਨੂੰ ਦਰਸਾਉਂਦੀ ਹੈ। ਲਸ਼ਕਰ-ਏ-ਤੋਇਬਾ ਸੰਦੀਪ ਦਾ ਅਕਸਰ ਪ੍ਰਯੋਗ ਕਰਦਾ ਸੀ ਅਤੇ ਉਹ ਇਸ ਗੱਲ ਦਾ ਪੂਰਾ ਫ਼ਾਇਦਾ ਉਠਾ ਰਿਹਾ ਸੀ ਕਿ ਉਹ ਇੱਥੋਂ ਦਾ ਸਥਾਨਕ ਵਾਸੀ ਨਹੀਂ ਹੈ। ਜਾਂਚ ਦੌਰਾਨ ਕਈ ਬੈਂਕ ਅਤੇ ਏ.ਟੀ.ਐਮ. ਲੁੱਟਣ ਵਰਗੀਆਂ ਨਵੀਆਂ ਚੀਜ਼ਾਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਿਸ ਤਰ੍ਹਾਂ ਦੇ ਅਪਰਾਧੀ ਅਤਿਵਾਦ 'ਚ ਸ਼ਾਮਲ ਸਨ ਅਤੇ ਕਿਸ ਤਰ੍ਹਾਂ ਲਸ਼ਕਰ-ਏ-ਤੋਇਬਾ ਨਾਮਕ ਅਤਿਵਾਦੀ ਜਥੇਬੰਦੀ
ਉਨ੍ਹਾਂ ਦਾ ਪ੍ਰਯੋਗ ਕਰ ਰਿਹਾ ਸੀ। ਕਿਸ ਤਰ੍ਹਾਂ ਉਹ ਬੈਂਕ ਅਤੇ ਏ.ਟੀ.ਐਮ. ਲੁੱਟ ਰਹੇ ਸਨ ਅਤੇ ਅਤਿਵਾਦੀ ਸੰਗਠਨਾਂ ਅਤੇ ਖ਼ੁਦ ਲਈ ਪੈਸਾ ਜੁਟਾ ਰਹੇ ਸਨ।
ਸੰਦੀਪ ਨੂੰ ਉਸੇ ਘਰ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿੱਥੋਂ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਬਸ਼ੀਰ ਲਸ਼ਕਰੀ ਨੂੰ ਇਕ ਜੁਲਾਈ ਨੂੰ ਮਾਰ ਦਿਤਾ ਗਿਆ ਸੀ। ਇਸੇ ਮੁਕਾਬਲੇ 'ਚ ਸੰਦੀਪ ਦੀ ਗ੍ਰਿਫ਼ਤਾਰੀ ਹੋਈ ਅਤੇ ਮਗਰੋਂ ਸ਼ਾਹ ਦੀ ਗ੍ਰਿਫ਼ਤਾਰੀ ਹੋਈ। ਪੁਲਿਸ ਲਸ਼ਕਰ ਅਤਿਵਾਦੀ ਦੀ ਸ਼ਰਨ ਵਾਲੇ ਘਰ ਵਿਚੋਂ ਬਾਹਰੀ ਵਿਅਕਤੀ ਨੂੰ ਵੇਖ ਕੇ ਹੈਰਾਨ ਸੀ ਅਤੇ ਉਸ ਨੇ ਅੱਗੇ ਜਾਂਚ ਕਰਨ ਦਾ ਫ਼ੈਸਲਾ ਕੀਤਾ। ਸੰਦੀਪ ਫ਼ਿਲਹਾਲ ਹਿਰਾਸਤ 'ਚ ਹੈ ਅਤੇ ਸੂਬਾ ਪੁਲਿਸ ਯੂ.ਪੀ. 'ਚ ਅਪਣੇ ਹਮਰੁਤਬਾ ਨਾਲ ਸੰਪਰਕ 'ਚ ਹੈ। ਉੱਤਰ ਪ੍ਰਦੇਸ਼ ਪੁਲਿਸ ਦੇ ਅਤਿਵਾਦ ਰੋਕੂ ਸਕੁਆਡ (ਏ.ਟੀ.ਐਸ.) ਦੀ ਇਕ ਟੀਮ ਸੰਦੀਪ ਕੋਲੋਂ ਪੁੱਛ-ਪੜਤਾਲ ਲਈ ਜੰਮੂ-ਕਸ਼ਮੀਰ ਰਵਾਨਾ ਹੋ ਗਈ ਹੈ।
ਪਟਿਆਲੇ 'ਚ ਪਈ ਸੀ ਸੰਦੀਪ ਦੀ ਕਸ਼ਮੀਰੀਆਂ ਨਾਲ ਯਾਰੀ
ਪੁਲਿਸ ਨੇ ਦਸਿਆ ਕਿ ਸੰਦੀਪ ਸਾਲ 2012 'ਚ ਵਾਦੀ 'ਚ ਆਇਆ ਸੀ ਅਤੇ ਉਸ ਨੇ ਗਰਮੀਆਂ 'ਚ ਵੈਲਡਰ ਵਜੋਂ ਕੰਮ ਸ਼ੁਰੂ ਕੀਤਾ। ਸਰਦੀਆਂ ਉਹ ਵਾਦੀ ਤੋਂ ਬਾਹਰ, ਖ਼ਾਸ ਕਰ ਕੇ ਪੰਜਾਬ ਦੇ ਪਟਿਆਲਾ ਚਲਾ ਜਾਂਦਾ ਸੀ। ਪੰਜਾਬ 'ਚ ਕੰਮ ਕਰਨ ਦੌਰਾਨ ਉਹ ਕਸ਼ਮੀਰ ਦੇ ਜ਼ਿਲ੍ਹੇ ਕੁਲਗਾਮ ਦੇ ਵਾਸੀ ਸ਼ਾਹਿਦ ਅਹਿਮਦ ਦੇ ਸੰਪਰਕ 'ਚ ਆਇਆ। ਉਹ ਵੀ ਪੰਜਾਬ 'ਚ ਕੰਮ ਕਰ ਰਿਹਾ ਸੀ। ਇਸ ਸਾਲ ਜਨਵਰੀ 'ਚ ਉਹ ਵਾਦੀ 'ਚ ਆਇਆ ਦਖਣੀ ਕਸ਼ਮੀਰ 'ਚ ਏ.ਟੀ.ਐਮ. ਅਤੇ ਹੋਰ ਲੁੱਟਾਂ ਦੀ ਯੋਜਨਾ ਬਣਾਈ। ਸੰਦੀਪ, ਮੁਨੀਬ ਸ਼ਾਹ, ਸ਼ਾਹਿਦ ਅਹਿਮਦ ਅਤੇ ਮੁਜੱਫ਼ਰ ਅਹਿਮਦ ਨਾਮਕ ਚਾਰ ਲੋਕ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੁਲਗਾਮ 'ਚ ਕਿਰਾਏ ਦੇ ਮਕਾਨ 'ਚ ਰਹੇ। ਇੱਥੇ ਹੀ ਇਹ ਲੋਕ ਲਸ਼ਕਰ ਦੇ ਕੱਟੜ ਅਤਿਵਾਦੀ ਸ਼ਕੂਰ ਅਹਿਮਦ ਨੂੰ ਮਿਲੇ ਸਨ ਅਤੇ ਇਥੋਂ ਹੀ ਇਨ੍ਹਾਂ ਦੀਆਂ ਅਪਰਾਧਕ ਗਤੀਵਿਧੀਆਂ ਦੀ ਸ਼ੁਰੂਆਤ ਹੋਈ। ਅਤਿਵਾਦੀਆਂ ਨੇ ਏ.ਟੀ.ਐਮ. ਲੁੱਟਣ 'ਚ ਸੰਦੀਪ ਦੀ ਮਦਦ ਲਈ ਅਤੇ ਲੁੱਟਿਆ ਪੈਸਾ ਵੰਡ ਲਿਆ ਜਾਂਦਾ ਸੀ। ਸੰਦੀਪ ਲੁੱਟਮਾਰ ਕਰਨ ਦੀਆਂ ਵਾਰਦਾਤਾਂ 'ਚ ਮਾਹਰ ਸੀ। ਸੰਦੀਪ ਲਸ਼ਕਰ ਦੇ ਅਤਿਵਾਦੀਆਂ ਦਾ ਤਿੰਨ ਵਾਰਦਾਤਾਂ 'ਚ ਸਾਥ ਦੇ ਕੇ ਕੱਟੜ ਅਤਿਵਾਦੀ ਬਣ ਗਿਆ ਸੀ। 16 ਜੂਨ ਨੂੰ ਉਹ ਪੁਲਿਸ ਦੀ ਇਕ ਟੁਕੜੀ ਉਤੇ ਕੀਤੇ ਹਮਲੇ 'ਚ ਸ਼ਾਮਲ ਸੀ ਜਿਸ 'ਚ ਥਾਣਾ ਇੰਚਾਰਜ ਫ਼ਿਰੋਜ਼ ਡਾਰ ਸਮੇਤ ਪੰਜ ਹੋਰ ਵਿਅਕਤੀ ਵੀ ਮਾਰੇ ਗਏ ਸਨ। ਇਨ੍ਹਾਂ ਸਾਰਿਆਂ ਦੇ ਚਿਹਰਿਆਂ ਨੂੰ ਬੁਰੀ ਤਰ੍ਹਾਂ ਵਿਗਾੜ ਦਿਤਾ ਗਿਆ ਸੀ। ਇਸ ਤੋਂ ਇਲਾਵਾ ਉਹ ਤਿੰਨ ਜੂਨ ਨੂੰ ਹੇਠਲੇ ਮੁੰਡਾ ਇਲਾਕੇ 'ਚ ਫ਼ੌਜ ਉਤੇ ਕੀਤੇ ਹਮਲੇ 'ਚ ਵੀ ਸ਼ਾਮਲ ਸੀ ਜਿਸ 'ਚ ਇਕ ਜਵਾਨ ਸ਼ਹੀਦ ਹੋ ਗਿਆ ਸੀ।
''ਮੇਰੀ ਜਾਣਕਾਰੀ 'ਚ ਇਹ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ। ਅਪਰਾਧਕ ਤੱਤ ਅਤਿਵਾਦੀਆਂ ਨਾਲ ਸ਼ਾਮਲ ਹੋ ਰਹੇ ਹਨ। ਲਸ਼ਕਰ ਅਪਰਾਧੀਆਂ ਦੀ ਜਥੇਬੰਦੀ ਬਣ ਗਿਆ ਹੈ। ਅਤਿਵਾਦੀ ਅਪਰਾਧੀ ਹਨ। ਵਾਦੀ 'ਚ ਸਾਰੇ ਬਾਹਰੀ ਲੋਕਾਂ ਦੀ ਜਾਂਚ ਕਰਨੀ ਹੋਵੇਗੀ।''