
ਪਛਮੀ ਬੰਗਾਲ ਦੇ 24 ਪਰਗਣਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਭੜਕੀ ਫ਼ਿਰਕੂ ਹਿੰਸਾ ਸਬੰਧੀ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰ ਕੋਲੋਂ ਵਿਸਤ੍ਰਿਤ ਰੀਪੋਰਟ ਤਲਬ ਕੀਤੀ ਹੈ।
ਨਵੀਂ ਦਿੱਲੀ, 5 ਜੁਲਾਈ : ਪਛਮੀ ਬੰਗਾਲ ਦੇ 24 ਪਰਗਣਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਭੜਕੀ ਫ਼ਿਰਕੂ ਹਿੰਸਾ ਸਬੰਧੀ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰ ਕੋਲੋਂ ਵਿਸਤ੍ਰਿਤ ਰੀਪੋਰਟ ਤਲਬ ਕੀਤੀ ਹੈ।
ਇਸੇ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨਾਲ ਫ਼ੋਨ 'ਤੇ ਗੱਲਬਾਤ ਕਰ ਕੇ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਲਈ। ਰਾਜਨਾਥ ਸਿੰਘ ਨੇ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਅਤੇ ਰਾਜਪਾਲ ਵਿਚਕਾਰ ਪੈਦਾ ਹੋਈ ਤਲਖ਼ੀ ਨੂੰ ਆਪਸੀ ਗੱਲਬਾਤ ਰਾਹੀਂ ਦੂਰ ਕਰਨ ਲਈ ਦੋਹਾਂ ਨੂੰ ਕਿਹਾ। ਸਮਝਿਆ ਜਾਂਦਾ ਹੈ ਕਿ ਬੈਨਰਜੀ ਅਤੇ ਤ੍ਰਿਪਾਠੀ ਨੇ ਗ੍ਰਹਿ ਮੰਤਰੀ ਕੋਲ ਆਪੋ ਅਪਣਾ ਪੱਖ ਰਖਿਆ।
ਬੈਨਰਜੀ ਨੇ ਤ੍ਰਿਪਾਠੀ 'ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਰਾਜਪਾਲ ਅਹੁਦੇ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ। ਮੁੱਖ ਮੰਤਰੀ ਨੇ ਇਥੋਂ ਤਕ ਕਹਿ ਦਿਤਾ ਹੈ ਕਿ ਤ੍ਰਿਪਾਠੀ ਭਾਜਪਾ ਦੇ ਬਲਾਕ ਪ੍ਰਧਾਨ ਵਾਂਗ ਵਿਹਾਰ ਕਰ ਰਹੇ ਹਨ। ਉਧਰ, ਤ੍ਰਿਪਾਠੀ ਨੇ ਮਮਤਾ ਦੇ ਇਸ ਰਵਈਏ 'ਤੇ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਲੋਕਾਂ ਨੂੰ ਭਾਵਨਾਤਮਕ ਤੌਰ 'ਤੇ ਬਲੈਕਮੇਲ ਕਰ ਰਹੀ ਹੈ। ਉਹ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦੇ।
ਰਾਜਨਾਥ ਸਿੰਘ ਨੇ ਬੈਨਰਜੀ ਅਤੇ ਤ੍ਰਿਪਾਠੀ ਨਾਲ ਗੋਰਖਾਲੈਂਡ ਦੀ ਮੰਗ ਸਬੰਧੀ ਚੱਲ ਰਹੇ ਅੰਦੋਲਨ ਵਿਚ ਬੰਦ ਅਤੇ ਹਿੰਸਾ ਦੀ ਸਥਿਤੀ ਬਾਰੇ ਵੀ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਇਕ ਵਿਵਾਦਤ ਟਿਪਣੀ ਕਾਰਨ ਸੋਮਵਾਰ ਨੂੰ 24 ਪਰਗਣਾ ਜ਼ਿਲ੍ਹੇ ਦੇ ਬਦੂਰੀਆ ਅਤੇ ਬਸੀਰਹਾਟ ਕਸਬਿਆਂ 'ਚ ਹਿੰਸਕ ਘਟਨਾਵਾਂ ਵਾਪਰੀਆਂ ਸਨ। ਇਲਾਕੇ ਦੀਆਂ ਕਈ ਦੁਕਾਨਾਂ ਅਤੇ ਮਕਾਨਾਂ ਨੂੰ ਅੱਗ ਲਾ ਦਿਤੀ ਗਈ ਸੀ। (ਏਜੰਸੀ)