
ਗਊ ਰਖਿਆ ਦੇ ਨਾਮ 'ਤੇ ਕਾਨੂੰਨ ਤੋੜਨ ਵਾਲਿਆਂ ਨੂੰ ਦੂਜੀ ਚਿਤਾਵਨੀ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸੂਬਾ ਸਰਕਾਰਾਂ ਨੂੰ ਅਜਿਹੇ ਗ਼ੈਰਸਮਾਜਕ..
ਨਵੀਂ ਦਿੱਲੀ, 16 ਜੁਲਾਈ : ਗਊ ਰਖਿਆ ਦੇ ਨਾਮ 'ਤੇ ਕਾਨੂੰਨ ਤੋੜਨ ਵਾਲਿਆਂ ਨੂੰ ਦੂਜੀ ਚਿਤਾਵਨੀ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸੂਬਾ ਸਰਕਾਰਾਂ ਨੂੰ ਅਜਿਹੇ ਗ਼ੈਰਸਮਾਜਕ ਅਨਸਰਾਂ ਵਿਰੁਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਾਰੀਆਂ ਰਾਜਸੀ ਪਾਰਟੀਆਂ ਇਸ ਤਰੀਕੇ ਦੀ ਗੁੰਡਾਗਰਦੀ ਵਿਰੁਧ ਆਵਾਜ਼ ਉਠਾਉਣ।
ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਦਸਿਆ ਕਿ ਸੰਸਦ ਦੇ ਮਾਨਸੂਨ ਇਜਲਾਸ ਬਾਰੇ ਸੱਦੀ ਗਈ ਸਰਬਪਾਰਟੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨੇ ਕਿਹਾ, ''ਕੁੱਝ ਗ਼ੈਰਸਮਾਜਕ ਅਨਸਰਾਂ ਨੇ ਗਊ ਰਖਿਆ ਦੇ ਨਾਮ 'ਤੇ ਹਿੰਸਾ ਨੂੰ ਅਪਣੀ ਆਦਤ ਬਣਾ ਲਿਆ ਹੈ ਅਤੇ ਇਸ ਦਾ ਫ਼ਾਇਦਾ ਫ਼ਿਰਕੂ ਮਾਹੌਲ ਵਿਗਾੜਨ ਵਾਲੇ ਲੋਕ ਉਠਾ ਰਹੇ ਹਨ।''
ਉਨ੍ਹਾਂ ਕਿਹਾ ਕਿ ਦੇਸ਼ ਦੇ ਅਕਸ 'ਤੇ ਵੀ ਇਸ ਦਾ ਮਾੜਾ ਅਸਰ ਪੈ ਰਿਹਾ ਹੈ। ਅਮਨ-ਕਾਨੂੰਨ ਨੂੰ ਕਾਇਮ ਰਖਣਾ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਅਤੇ ਜਿਥੇ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ, ਉਥੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੋਦੀ ਨੇ ਆਖਿਆ, ''ਗਊ ਨੂੰ ਸਾਡੇ ਮੁਲਕ ਵਿਚ ਮਾਂ ਮੰਨਿਆ ਜਾਂਦਾ ਹੈ ਅਤੇ ਲੋਕਾਂ ਦੇ ਜਜ਼ਬਾਤ ਗਊ ਨਾਲ ਜੁੜੇ ਹੋਏ ਹਨ ਪਰ ਲੋਕਾਂ ਨੂੰ ਇਹ ਵੀ ਯਾਦ ਰਖਣਾ ਚਾਹੀਦਾ ਹੈ ਕਿ ਗਊ ਦੀ ਰਾਖੀ ਲਈ ਕਾਨੂੰਨ ਮੌਜੂਦ ਹੈ ਅਤੇ ਇਸ ਨੂੰ ਅਪਣੇ ਹੱਥਾਂ ਵਿਚ ਲੈਣ ਦੀ ਕੋਈ ਤੁਕ ਨਹੀਂ ਬਣਦੀ।''
ਪ੍ਰਧਾਨ ਮੰਤਰੀ ਨੇ ਸੂਬਾਂ ਸਰਕਾਰਾਂ ਨੂੰ ਇਸ ਗੱਲ ਦੀ ਜਾਂਚ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਕਿਤੇ ਕੁੱਝ ਲੋਕ ਗਊ ਰਖਿਆ 'ਤੇ ਗਊ ਰਖਿਆ ਦੇ ਨਾਮ 'ਤੇ ਨਿਜੀ ਦੁਸ਼ਮਣੀ ਤਾਂ ਨਹੀਂ ਕੱਢ ਰਹੇ। ਭ੍ਰਿਸ਼ਟਾਚਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ''ਪਿਛਲੇ ਦਹਾਕਿਆਂ ਦੌਰਾਨ ਕੁੱਝ ਨੇਤਾਵਾਂ ਦੀਆਂ ਕਰਤੂਤਾਂ ਕਾਰਨ ਅੱਜ ਸਾਰਿਆਂ ਨੂੰ ਕਟਹਿਰੇ ਵਿਚ ਖੜਾ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੋਵੇਗਾ ਹਰ ਨੇਤਾ ਦਾਗ਼ੀ ਨਹੀਂ ਅਤੇ ਹਰ ਨੇਤਾ ਪੈਸੇ ਪਿੱਛੇ ਨਹੀਂ ਦੌੜਦਾ।
ਇਸ ਲਈ ਜਨਤਕ ਜ਼ਿੰਦਗੀ ਵਿਚ ਭ੍ਰਿਸ਼ਟ ਆਗੂਆਂ ਵਿਰੁਧ ਕਾਰਵਾਈ ਵੀ ਲਾਜ਼ਮੀ ਹੈ।''
ਮੋਦੀ ਨੇ ਕਿਹਾ ਕਿ ਹਰ ਰਾਜਸੀ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਪਣੇ ਦਰਮਿਆਨ ਮੌਜੂਦ ਭ੍ਰਿਸ਼ਟ ਨੇਤਾਵਾਂ ਦੀ ਪਛਾਣ ਕਰਨ ਅਤੇ ਸਿਆਸੀ ਸਫ਼ਰ ਤੋਂ ਦੂਰ ਕਰ ਦੇਣ। ਜੇ ਕਾਨੂੰਨ ਅਪਣਾ ਕੰਮ ਕਰ ਰਿਹਾ ਹੈ ਤਾਂ ਸਿਆਸੀ ਸਾਜ਼ਸ਼ ਦੀ ਗੱਲ ਕਰ ਕੇ ਬਚਣ ਦਾ ਰਾਹ ਤਲਾਸ਼ ਕਰਨ ਵਾਲਿਆਂ ਪ੍ਰਤੀ ਸਾਨੂੰ ਇਕੱਠੇ ਹੋ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਲੁੱਟਣ ਵਾਲਿਆਂ ਨਾਲ ਖੜ ਕੇ ਕੁੱਝ ਹਾਸਲ ਨਹੀਂ ਹੋਵੇਗਾ। (ਪੀਟੀਆਈ)