
ਦੇਸ਼ ਵਿਚ ਗਊ ਰਖਿਆ ਦੇ ਨਾਮ 'ਤੇ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਘਟਨਾਵਾਂ ਵਿਰੁਧ ਸਖ਼ਤ ਸੁਨੇਹਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ..
ਅਹਿਮਦਾਬਾਦ, 29 ਜੂਨ : ਦੇਸ਼ ਵਿਚ ਗਊ ਰਖਿਆ ਦੇ ਨਾਮ 'ਤੇ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਘਟਨਾਵਾਂ ਵਿਰੁਧ ਸਖ਼ਤ ਸੁਨੇਹਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਗਊ ਰਖਿਆ ਦੇ ਬਹਾਨੇ ਲੋਕਾਂ ਦੀ ਹਤਿਆ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਕਿਸੇ ਨੂੰ ਵੀ ਕਾਨੂੰਨ ਅਪਣੇ ਹੱਥਾਂ ਵਿਚ ਲੈਣ ਦਾ ਕੋਈ ਹੱਕ ਨਹੀਂ।
ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਵਿਚ ਸ਼ਤਾਬਦੀ ਸਮਾਗਮਾਂ ਮੌਕੇ ਮੋਦੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਗਊ ਭਗਤੀ ਦੇ ਨਾਮ 'ਤੇ ਹਿੰਸਾ ਤੋਂ ਕੁੱਝ ਹਾਸਲ ਨਹੀਂ ਹੋਵੇਗਾ। ਉਨ੍ਹਾਂ ਕਿਹਾ, ''ਮੈਂ ਇਥੇ ਸਾਬਰਮਤੀ ਆਸ਼ਰਮ ਵਿਚ ਅਪਣਾ ਦੁਖ ਅਤੇ ਦਰਦ ਪ੍ਰਗਟ ਕਰਨਾ ਚਾਹੁੰਦਾ ਹਾਂ। ਭਾਰਤ ਇਕ ਅਜਿਹਾ ਮੁਲਕ ਹੈ ਜਿਥੇ ਕੀੜੀਆਂ, ਆਵਾਰਾ ਕੁੱਤਿਆਂ ਅਤੇ ਮੱਛੀਆਂ ਨੂੰ ਭੋਜਨ ਦੇਣ ਦੀ ਰਵਾਇਤ ਹੈ ਪਰ ਸਾਨੂੰ ਕੀ ਹੋ ਗਿਆ ਹੈ?''
ਉਨ੍ਹਾਂ ਕਿਹਾ, ''ਜੇ ਕਿਸੇ ਅਸਫ਼ਲ ਆਪ੍ਰੇਸ਼ਨ ਕਾਰਨ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਰਿਸ਼ਤੇਦਾਰ ਹਸਪਤਾਲ ਫੂਕ ਦਿੰਦੇ ਹਨ ਅਤੇ ਡਾਕਟਰਾਂ ਦੀ ਕੁੱਟਮਾਰ ਕਰਦੇ ਹਨ, ਹਾਦਸੇ ਵਿਚ ਲੋਕ ਮਰਦੇ ਜਾਂ ਜ਼ਖ਼ਮੀ ਹੁੰਦੇ ਹਨ ਤਾਂ ਭੀੜ ਆ ਜਾਂਦੀ ਹੈ ਅਤੇ ਗੱਡੀਆਂ ਫੂਕ ਦਿੰਦੀ ਹੈ।'' ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ''ਮਹਾਤਮਾ ਗਾਂਧੀ ਅਤੇ ਵਿਨੋਬਾ ਭਾਵੇ ਤੋਂ ਜ਼ਿਆਦਾ ਗਊ ਰਖਿਆ ਅਤੇ ਗਊ ਦੀ ਪੂਜੀ ਕਿਸੇ ਨੇ ਨਹੀਂ ਕੀਤੀ ਹੋਵੇਗੀ। ਉਨ੍ਹਾਂ ਨੇ ਸਾਨੂੰ ਵਿਖਾਇਆ ਕਿ ਕਿਵੇਂ ਗਊ ਦੀ ਰਾਖੀ ਕੀਤੀ ਜਾਂਦੀ ਹੈ, ਦੇਸ਼ ਨੂੰ ਉਨ੍ਹਾਂ ਦਾ ਰਾਹ ਅਖ਼ਤਿਆਰ ਕਰਨਾ ਹੋਵੇਗਾ।''
ਮੋਦੀ ਨੇ ਸਵਾਲ ਕੀਤਾ, ''ਭਾਰਤੀ ਸੰਵਿਧਾਨ ਵਿਚ ਵੀ ਗਊ ਰਖਿਆ ਬਾਰੇ ਹਦਾਇਤਾਂ ਮੌਜੂਦ ਹਨ ਪਰ ਕੀ ਸਾਨੂੰ ਇਸ ਨਾਲ ਕਿਸੇ ਵਿਅਕਤੀ ਦੀ ਹਤਿਆ ਦਾ ਅਧਿਕਾਰ ਮਿਲ ਜਾਂਦਾ ਹੈ? ਕੀ ਇਹ ਗਊ ਭਗਤੀ ਹੈ? ਕੀ ਇਹ ਗਊ ਰਖਿਆ ਹੈ?'' ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਮਿਲ ਕੇ ਅੱਗੇ ਵਧਣ ਅਤੇ ਅਜਿਹਾ ਭਾਰਤ ਬਣਾਉਣ ਦਾ ਸੱਦਾ ਦਿਤਾ ਜਿਸ ਉਪਰ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਮਾਣ ਹੋਵੇ। ਨਰਿੰਦਰ ਮੋਦੀ ਦਾ ਇਹ ਬਿਆਨ ਗਊ ਰਖਿਆ ਦੇ ਨਾਮ 'ਤੇ ਵਧਦੀਆਂ ਹਿੰਸਕ ਘਟਨਾਵਾਂ ਦੇ ਸੰਦਰਭ ਵਿਚ ਆਇਆ ਹੈ। ਪਿਛਲੇ ਦਿਨੀਂ ਦੇਸ਼ ਵਿਚ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜਦੋਂ ਭੀੜ ਨੇ ਮੁਸਲਮਾਨਾਂ ਦੀ ਹਤਿਆ ਕਰ ਦਿਤੀ ਅਤੇ ਉਨ੍ਹਾਂ ਨੂੰ ਗਊ ਮਾਸ ਖਾਣ ਵਾਲਾ ਦਸਿਆ ਗਿਆ।
ਮੋਦੀ ਨੇ ਕਿਹਾ ਕਿ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਤੇ ਨਾ ਹੋਵੇਗਾ। ਇਕ ਸਮਾਜ ਦੇ ਤੌਰ 'ਤੇ ਸਾਡੇ ਮੁਲਕ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੈ।
ਗਊ ਰਖਿਆ ਦੇ ਨਾਮ 'ਤੇ ਹਤਿਆ ਦੀਆਂ ਘਟਨਾਵਾਂ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿਤੇ ਬਿਆਨ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਮਲ ਤੋਂ ਬਗ਼ੈਰ ਕਿਸੇ ਸ਼ਬਦਾਂ ਦੀ ਕੋਈ ਵੁੱਕਤ ਨਹੀਂ ਹੁੰਦੀ।
ਉਧਰ ਕਾਂਗਰਸ ਦੇ ਜਨਰਲ ਸਕੱਤਰ ਗ਼ੁਲਾਮ ਨਬੀ ਆਜ਼ਾਦ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ, ''ਦੇਸ਼ ਵਿਚ ਐਨੀਆਂ ਘਟਨਾਵਾਂ ਵਾਪਰੀਆਂ, ਕੀ ਪ੍ਰਧਾਨ ਮੰਤਰੀ ਨੇ ਕਾਰਵਾਈ ਕੀਤੀ। ਇਹ ਸੱਭ ਫ਼ਿਜ਼ੂਲ ਹੈ ਅਤੇ ਲੋਕਾਂ ਨਾਲ ਧੋਖੇ ਤੋਂ ਇਲਾਵਾ ਕੁੱਝ ਨਹੀਂ। ਹਾਲਾਤ ਇਹ ਹੋ ਗਏ ਹਨ ਕਿ ਅਜਿਹੀਆਂ ਘਟਨਾਵਾਂ ਦੇ ਵਿਰੋਧ ਵਿਚ ਕਲ ਦੇਸ਼ ਦੇ ਬੁਧੀਜੀਵੀ, ਲੇਖਕ ਅਤੇ ਆਮ ਨਾਗਰਿਕਾਂ ਨੇ ਸੜਕਾਂ 'ਤੇ ਇਕੱਠੇ ਹੋ ਕੇ ਰੋਸ ਪ੍ਰਗਟ ਕੀਤਾ।'' (ਪੀਟੀਆਈ)