
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ..
ਨਵੀਂ ਦਿੱਲੀ, 5 ਜੁਲਾਈ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਗੱਲਬਾਤ ਵਿਚ ਐਚ 1 ਵੀਜ਼ਾ ਦਾ ਮਸਲਾ ਨਹੀਂ ਚੁਕਿਆ ਅਤੇ ਅਮਰੀਕਾ ਦੁਆਰਾ ਕਸ਼ਮੀਰ ਨੂੰ 'ਭਾਰਤ ਅਧੀਨ ਇਲਾਕਾ' ਦੱਸਣ 'ਤੇ ਵੀ ਬਹੁਤਾ ਇਤਰਾਜ਼ ਪ੍ਰਗਟ ਨਹੀਂ ਕੀਤਾ।
ਕਾਂਗਰਸ ਨੇ ਟਵਿਟਰ 'ਤੇ ਮੋਦੀ ਦੀ ਅਮਰੀਕਾ ਯਾਤਰਾ ਨੂੰ ਮਹਿਜ਼ ਫ਼ੋਟੋ ਖਿਚਵਾਉਣ ਦਾ ਮੌਕਾ ਕਰਾਰ ਦਿਤਾ ਅਤੇ ਕਿਹਾ ਕਿ ਮੁੱਖ ਮੁੱਦਿਆਂ ਨੂੰ ਅਣਡਿੱਠ ਕਰ ਦਿਤਾ ਗਿਆ। ਰਾਹੁਲ ਨੇ ਉਨ੍ਹਾਂ ਮੀਡੀਆ ਖ਼ਬਰਾਂ ਦੇ ਲਿੰਕ ਟਵੀਟ ਕੀਤੇ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਐਚ 1 ਵੀਜ਼ਾ ਦੀ ਗੱਲ ਮੋਦੀ-ਟਰੰਪ ਗੱਲਬਾਤ ਵਿਚ ਨਹੀਂ ਹੋਈ ਅਤੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੁਆਰਾ ਕਸ਼ਮੀਰ ਬਾਰੇ ਕਹੀ ਗੱਲ ਦਾ ਬੁਰਾ ਮਨਾਉਣ ਦੀ ਬਜਾਏ ਉਸ ਨੂੰ ਪ੍ਰਵਾਨ ਕੀਤਾ। ਰਾਹੁਲ ਨੇ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਕਮਜ਼ੋਰ ਹੈ। ਕਾਂਗਰਸ ਨੇ ਕਿਹਾ, 'ਭਾਵੇਂ ਇਹ ਵੱਡਾ ਫ਼ੋਟੋ ਮੌਕਾ ਸੀ, ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੇ ਸਮੇਂ ਮੁੱਖ ਮੁੱਦਿਆਂ ਦੀ ਅਣਦੇਖੀ ਕਰ ਦਿਤੀ ਗਈ। ਪਾਰਟੀ ਨੇ ਟਵੀਟ ਨਾਲ ਇਕ ਤਸਵੀਰ ਵੀ ਲਾਈ ਹੈ ਜਿਸ ਦਾ ਸਿਰਲੇਖ ਹੈ, 'ਭਾਰਤੀ ਹਿਤਾਂ ਲਈ ਕੋਈ ਤਰਜੀਹ? ਉਧਰ, ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਰਾਹੁਲ ਨੂੰ ਇਸ ਗੱਲ ਦਾ ਦੁੱਖ ਹੈ ਕਿ ਜਦ ਡਾ. ਮਨਮੋਹਨ ਸਿੰਘ ਵਿਦੇਸ਼ ਜਾਂਦੇ ਸਨ ਤਾਂ ਮੀਡੀਆ ਕੋਈ ਧਿਆਨ ਨਹੀਂ ਦਿੰਦਾ ਸੇ। (ਏਜੰਸੀ)