
ਕਾਂਗਰਸ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਤੇ ਨੀਤੀ ਕਮਿਸ਼ਨ ਦੇ ਮੀਤ ਪ੍ਰਧਾਨ ਰਾਜੀਵ ਕੁਮਾਰ ਦੀਆਂ ਹਾਲੀਆ ਟਿਪਣੀਆਂ ਬਾਰੇ ਚੋਣ ਕਮਿਸ਼ਨ
ਨਵੀਂ ਦਿੱਲੀ : ਕਾਂਗਰਸ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਤੇ ਨੀਤੀ ਕਮਿਸ਼ਨ ਦੇ ਮੀਤ ਪ੍ਰਧਾਨ ਰਾਜੀਵ ਕੁਮਾਰ ਦੀਆਂ ਹਾਲੀਆ ਟਿਪਣੀਆਂ ਬਾਰੇ ਚੋਣ ਕਮਿਸ਼ਨ ਦੇ ਫ਼ੈਸਲੇ 'ਤੇ ਵਿਅੰਗ ਕਰਦਿਆਂ ਦੋਸ਼ ਲਾਇਆ ਕਿ ਮਾਡਲ ਕੋਡ ਆਫ਼ ਕੰਡਕਟ ਹੁਣ ਮੋਦੀ ਕੋਡ ਆਫ਼ ਕੰਡਕਟ ਬਣ ਗਿਆ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, 'ਕੀ ਐਮਸੀਸੀ ਹੁਣ ਬਣ ਗਿਆ ਹੈ-ਮੋਦੀ ਕੋਡ ਆਫ਼ ਕੰਡਕਟ। ਉਨ੍ਹਾਂ ਦਾਅਵਾ ਕੀਤਾ, 'ਅਦਿਤਿਆਨਾਥ ਭਾਰਤੀ ਫ਼ੌਜ ਦਾ ਅਪਮਾਨ ਕਰਦੇ ਹਨ ਅਤੇ ਚੋਣ ਕਮਿਸ਼ਨ ਉਨ੍ਹਾਂ ਨੂੰ ਪ੍ਰੇਮ ਪੱਤਰ ਲਿਖਦਾ ਹੈ।
ਨੀਤੀ ਕਮਿਸ਼ਨ ਦੇ ਮੀਤ ਪ੍ਰਧਾਨ ਨਿਆਏ ਯੋਜਨਾ ਨੂੰ ਭੰਡਦੇ ਹਨ-ਚੋਣ ਮਿਸ਼ਨ ਕਹਿੰਦਾ ਹੈ ਕਿ ਅੱਗੇ ਤੋਂ ਨਾ ਕਰੋ।' ਉਨ੍ਹਾਂ ਸਵਾਲ ਕੀਤਾ, 'ਚੋਣ ਕਮਿਸ਼ਨ ਸੱਤਾਧਾਰੀ ਤਾਕਤਾਂ ਨੂੰ ਸਚਾਈ ਦਾ ਸ਼ੀਸ਼ਾ ਵਿਖਾਉਣ ਤੋਂ ਘਬਰਾ ਕਿਉਂ ਰਿਹਾ ਹੈ? ਖ਼ਬਰਾਂ ਮੁਤਾਬਕ ਚੋਣ ਕਮਿਸ਼ਨ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਉਨ੍ਹਾਂ ਦੇ 'ਮੋਦੀ ਜੀ ਦੀ ਫ਼ੌਜ' ਵਾਲੇ ਬਿਆਨ ਲਈ ਨਾਰਾਜ਼ਗੀ ਪ੍ਰਗਟ ਕਰਦਿਆਂ ਭਵਿੱਖ ਵਿਚ ਅਜਿਹੀਆਂ ਟਿਪਣੀਆਂ ਨਾ ਕਰਨ ਲਈ ਕਿਹਾ ਹੈ। ਦੂਜੇ ਪਾਸੇ, ਕਮਿਸ਼ਨ ਨੇ ਕਾਂਗਰਸ ਦੇ ਚੋਣ ਵਾਅਦੇ ਵਜੋਂ ਐਲਾਨੀ 'ਨਿਆਏ ਯੋਜਨਾ' ਦੀ ਰਾਜੀਵ ਕੁਮਾਰ ਦੁਆਰਾ ਕੀਤੀ ਗਈ ਆਲੋਚਨਾ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿਤਾ। (ਏਜੰਸੀ)