
ਉਹਨਾਂ ਕਿਹਾ, “ਭਾਰਤੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿਚ ਕੰਮ ਕਰਨ ਲਈ ਵਰਕ ਵੀਜ਼ਾ ਮਿਲੇਗਾ" ।
ਨਵੀਂ ਦਿੱਲੀ: ਕੇਂਦਰੀ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤਾ ਅਗਲੇ 4-5 ਸਾਲਾਂ ਵਿਚ ਲਗਭਗ 10 ਲੱਖ ਨੌਕਰੀਆਂ ਪੈਦਾ ਕਰੇਗਾ। ਉਹਨਾਂ ਕਿਹਾ, “ਭਾਰਤੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿਚ ਕੰਮ ਕਰਨ ਲਈ ਵਰਕ ਵੀਜ਼ਾ ਮਿਲੇਗਾ" । ਕੇਂਦਰੀ ਮੰਤਰੀ ਨੇ ਕਿਹਾ ਕਿ ਵਿਸ਼ਵ ਵਿਚ ਭਾਰਤ ਦੀ ਪਹੁੰਚ ਵਧੀ ਹੈ ਅਤੇ ਭਾਰਤੀ ਉਦਯੋਗ ਮੁਕਾਬਲਾ ਕਰਨ ਲਈ ਤਿਆਰ ਹਨ।
ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਪਾਰਕ ਸਮਝੌਤਾ ਦੋਵਾਂ ਦੇਸ਼ਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਵੇਗਾ, ਜਿਸ ਨਾਲ ਵਿਦਿਆਰਥੀਆਂ ਲਈ ਵੱਡੇ ਮੌਕੇ ਪੈਦਾ ਹੋਣਗੇ। ਉਹਨਾਂ ਕਿਹਾ ਕਿ ਆਸਟ੍ਰੇਲੀਆ ਨਾਲ ਮੌਜੂਦਾ ਅਤੇ ਭਵਿੱਖ ਦੇ ਸਬੰਧਾਂ ਵਿਚ ਸਿੱਖਿਆ ਇਕ ਅਹਿਮ ਹਿੱਸਾ ਹੈ।
ਉਹਨਾਂ ਨੇ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਦੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਕਿਹਾ, ''ਇਸ ਲਈ ਜਿਵੇਂ-ਜਿਵੇਂ ਕਾਰੋਬਾਰ ਅਤੇ ਆਰਥਿਕਤਾ ਵਧਦੀ ਹੈ, ਵਿਦਿਆਰਥੀਆਂ ਲਈ ਮੌਕੇ ਕੁਦਰਤੀ ਤੌਰ 'ਤੇ ਵਧਦੇ ਹਨ ਅਤੇ ਇਹੀ ਸਾਡਾ ਟੀਚਾ ਹੈ”।
ਉਹਨਾਂ ਨੇ ਸਿੱਖਿਆ ਦੇ ਖੇਤਰ ਵਿਚ ਭਾਰਤ-ਆਸਟ੍ਰੇਲੀਆ ਭਾਈਵਾਲੀ ਨੂੰ ਹੋਰ ਉਚਾਈਆਂ ਤੱਕ ਲਿਜਾਣ ਦਾ ਸੱਦਾ ਦਿੱਤਾ ਅਤੇ ਯੂਨੀਵਰਸਿਟੀ ਨੂੰ ਭਾਰਤ ਵਿਚ ਆਪਣੇ ਪੈਰ ਪਸਾਰਣ ਦਾ ਸੱਦਾ ਦਿੱਤਾ। ਆਸਟ੍ਰੇਲੀਆ ਵਿਚ ਭਾਰਤ ਦੇ ਇਕ ਲੱਖ ਤੋਂ ਵੱਧ ਵਿਦਿਆਰਥੀ ਹਨ। ਇਸ ਸਮਾਗਮ ਵਿਚ ਬੋਲਦਿਆਂ ਆਸਟ੍ਰੇਲੀਆ ਦੇ ਵਪਾਰ ਮੰਤਰੀ ਡੈਨ ਟੇਹਾਨ ਨੇ ਕਿਹਾ ਕਿ ਉਹ ਆਸਟ੍ਰੇਲੀਆ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਇੱਥੇ ਕੰਮ ਕਰਨ ਦਾ ਮੌਕਾ ਦੇਣ ਦੀ ਮੰਗ ’ਤੇ ਵਿਚਾਰ ਕਰ ਰਹੇ ਹਨ।