ਅਪਣੇ ਵਿਵਾਦ ਬਿਆਨਾਂ ਨਾਲ ਚਰਚਾ ਵਿਚ ਰਹਿਣ ਵਾਲੇ ਭਾਜਪਾ ਨੇਤਾ ਨਰੇਸ਼ ਅਗਰਵਾਲ ਨੇ ਇਸ ਵਾਰ ਕਾਂਗਰਸ ਪ੍ਰਧਾਨ ਰਾਹੁਲ ...
ਹਰਦੋਈ (ਉਤਰ ਪ੍ਰਦੇਸ਼),: ਅਪਣੇ ਵਿਵਾਦ ਬਿਆਨਾਂ ਨਾਲ ਚਰਚਾ ਵਿਚ ਰਹਿਣ ਵਾਲੇ ਭਾਜਪਾ ਨੇਤਾ ਨਰੇਸ਼ ਅਗਰਵਾਲ ਨੇ ਇਸ ਵਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਵਿਰੋਧੀ ਨੇਤਾਵਾਂ ਨੂੰ ਲੈ ਕੇ ਵਿਵਾਦਤ ਟਿੱਪਣੀ ਕੀਤੀ ਹੈ।
ਹਾਲ ਹੀ ਵਿਚ ਭਾਜਪਾ ਦਾ ਪੱਲਾ ਫੜਨ ਤੋਂ ਬਾਅਦ ਪਹਿਲੀ ਵਾਰ ਹਦਰੋਈ ਪਹੁੰਚੇ ਅਗਰਵਾਲ ਨੇ ਇਕ ਰੈਲੀ ਵਿਚ ਕਿਹਾ ''ਮੈਂ ਰਾਹੁਲ ਜੀ ਨੂੰ ਇਸ ਕਰ ਕੇ ਕੁੱਝ ਨਹੀਂ ਕਹਿੰਦਾ ਕਿਉਂਕਿ ਰਾਜੀਵ ਜੀ ਸਾਡੇ ਨੇਤਾ ਸਨ, ਰਾਹੁਲ ਉਨ੍ਹਾਂ ਦੇ ਬੇਟੇ ਹਨ ਪਰ ਇੰਨਾ ਕਹਿ ਸਕਦਾ ਹਾਂ ਕਿ ਵਿਰੋਧੀ ਧਿਰ ਕਮਜ਼ੋਰ ਅਗਵਾਈ ਦੇ ਹੱਥਾਂ ਵਿਚ ਹੈ। ਬਾਂਦਰ ਨੂੰ ਉਸਤਰਾ ਫੜਾ ਦੇਈਏ ਤਾਂ ਕੀ ਹੋਵੇਗਾ? ਜੇਕਰ ਅਸੀਂ ਵਿਰੋਧੀ ਧਿਰ ਨੂੰ ਉਸਤਰਾ ਫੜਾ ਦਿਤਾ ਤਾਂ ਦੇਸ਼ ਟੁਕੜੇ-ਟੁਕੜੇ ਹੋ ਜਾਵੇਗਾ।''
ਅਗਰਵਾਲ ਨੇ ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਬਸਪਾ ਮੁਖੀ ਮਾਇਆਵਤੀ ਦੀ ਤੁਲਨਾ ਜਾਨਵਰਾਂ ਨਾਲ ਕੀਤੀ। ਉਨ੍ਹਾਂ ਕਿਹਾ ਕਿ ਅਖਿਲੇਸ਼ ਬਸਪਾ ਦੀ ਮਦਦ ਨਾਲ ਦੋ ਲੋਕ ਸਭਾ ਸੀਟਾਂ ਦੀ ਉਪ ਚੋਣ ਜਿੱਤਣ ਤੋਂ ਬਾਅਦ ਹੁਣ ਕੈਰਾਨਾ ਉਪ ਚੋਣ ਵਿਚ ਸਮਰਥਨ ਲਈ ਮਾਇਆਵਤੀ ਅੱਗੇ ਗਿੜਗਿੜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਸਮਰਥਨ ਦੀ ਚਾਹਤ ਵਿਚ ਪਾਰਟੀ ਚਲਾ ਰਿਹਾ ਹੋਵੇ, ਤਾਂ ਉਸ ਦੀ ਪਾਰਟੀ ਦਾ ਕੀ ਮਤਲਬ ਹੈ। ਅਸਲ ਗੱਲ ਇਹ ਹੈ ਕਿ ਮੋਦੀ ਦੇ ਹੜ੍ਹ ਵਿਚ ਸ਼ੇਰ ਅਤੇ ਬੱਕਰੀ ਵੀ ਇਕ ਘਾਟ 'ਤੇ ਖੜ੍ਹੇ ਹੋ ਗਏ ਹਨ।
ਸਪਾ ਤੋਂ ਰਾਜ ਸਭਾ ਮੈਂਬਰ ਰਹਿ ਚੁੱਕੇ ਅਗਰਵਾਲ ਨੇ ਸਪਾ ਮੁਖੀ ਅਖਿਲੇਸ਼ ਯਾਦਵ 'ਤੇ ਵੀ ਟਿੱਪਣੀ ਕਰਦੇ ਹੋਏ ਕਿਹਾ ''ਤੁਸੀਂ (ਅਖਿਲੇਸ਼) ਫਿ਼ਲਮੀ ਕਲਾਕਾਰ (ਰਾਜ ਸਭਾ ਮੈਂਬਰ ਜਯਾ ਬੱਚਨ) 'ਤੇ ਇੰਨਾ ਖ਼ੁਸ਼ ਹੋ ਗਏ ਕਿ 40 ਸਾਲ ਦਾ ਇਤਿਹਾਸ ਬਣਾਏ ਇਕ ਵਿਅਕਤੀ ਨੂੰ, ਜਿਸ ਨੇ ਤੁਹਾਨੂੰ ਪ੍ਰਧਾਨ ਬਣਾਇਆ, ਜਿਸ ਨੇ ਸਮਾਜਵਾਦੀ ਪਾਰਟੀ ਨੂੰ ਮਜ਼ਬੂਤ ਕੀਤਾ ਜੋ ਪੂਰੇ ਰਾਜ ਵਿਚ ਖੁੱਲ੍ਹ ਕੇ ਲੜਦਾ ਰਿਹਾ।
ਤੁਸੀਂ ਉਸ ਵਿਅਕਤੀ ਨੂੰ ਅਪਮਾਨਤ ਕਰ ਦਿਤਾ। ਜੇਕਰ ਇੰਨੀ ਹੀ ਸ਼ਾਨ ਹੈ ਤਾਂ ਜਾ ਕੇ ਭੈਣ ਜੀ (ਮਾਇਆਵਤੀ) ਦੇ ਪੈਰ ਕਿਉਂ ਛੂਹ ਲਏ।''