
ਸਾਰੇ ਬਾਰਾਤੀ ਸ਼ਨੀਵਾਰ ਰਾਤ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਬੱਸ ਰਾਹੀਂ ਵਾਪਸ ਆ ਰਹੇ ਸਨ
ਉੱਤਰ ਪ੍ਰਦੇਸ਼ : ਜਲੌਨ ਵਿਚ 40 ਬਾਰਾਤੀਆਂ ਨਾਲ ਭਰੀ ਬੱਸ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਜਦਕਿ 15 ਤੋਂ ਵੱਧ ਬਾਰਾਤੀ ਜ਼ਖਮੀ ਹੋਏ ਹਨ। ਹਾਦਸੇ ਤੋਂ ਬਾਅਦ ਬੱਸ ਦੇ ਦੋਵੇਂ ਦਰਵਾਜ਼ੇ ਬੰਦ ਹੋ ਗਏ। ਪੁਲਿਸ ਨੇ ਗੈਸ ਕਟਰ ਨਾਲ ਬੱਸ ਦੀ ਛੱਤ ਕੱਟ ਦਿਤੀ। ਇਸ ਤੋਂ ਬਾਅਦ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਘਟਨਾ ਮਾਧੋਗੜ੍ਹ ਕੋਤਵਾਲੀ ਇਲਾਕੇ ਦੀ ਹੈ। ਹਾਦਸਾ ਕਰੀਬ 2 ਵਜੇ ਵਾਪਰਿਆ।
ਦਸਿਆ ਜਾ ਰਿਹਾ ਹੈ ਕਿ ਮਡੇਰਾ ਦੇ ਰਹਿਣ ਵਾਲੇ ਮੂਲਚਰਨ ਪਾਲ ਦੇ ਦੋ ਲੜਕੇ ਸੁਨੀਲ ਅਤੇ ਪ੍ਰਮੋਦ ਦਾ ਵਿਆਹ ਰਾਮਪੁਰਾ ਦੇ ਰਾਮਧਨੀ ਦੀਆਂ ਦੋ ਬੇਟੀਆਂ ਸੰਧਿਆ ਅਤੇ ਉਪਾਸਨਾ ਨਾਲ ਹੋਇਆ ਸੀ। ਸਾਰੇ ਬਾਰਾਤੀ ਸ਼ਨੀਵਾਰ ਰਾਤ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਬੱਸ ਰਾਹੀਂ ਵਾਪਸ ਆ ਰਹੇ ਸਨ। ਬੱਸ (ਐੱਮ. ਪੀ. 30 ਪੀ 1127) ਗੋਪਾਲਪੁਰਾ ਨੇੜੇ ਪੁੱਜੀ ਹੀ ਸੀ ਕਿ ਸਾਹਮਣੇ ਤੋਂ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਮੌਕੇ 'ਤੇ ਹਾਹਾਕਾਰ ਮਚ ਗਈ। ਇਸ ਸਬੰਧੀ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਮੌਕੇ 'ਤੇ ਪੁੱਜੀ ਪੁਲਿਸ ਨੇ ਬੜੀ ਮੁਸ਼ਕਲ ਨਾਲ ਬੱਸ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਜਿਸ ਨੂੰ ਤੁਰੰਤ ਇਲਾਜ ਲਈ ਮਾਧੋਗੜ੍ਹ ਕਮਿਊਨਿਟੀ ਹੈਲਥ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਓਰਾਈ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ। ਜਿਥੇ ਕੁਲਦੀਪ ਸਿੰਘ (36), ਰਘੂਨੰਦਨ (46), ਸਿਰੋਭਾਨ (65), ਕਰਨ ਸਿੰਘ (34) ਅਤੇ ਵਿਕਾਸ (32) ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਦਕਿ ਬਾਕੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਓਰਾਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਡੀਐਮ ਚਾਂਦਨੀ ਸਿੰਘ ਹਾਦਸੇ ਵਿਚ ਜ਼ਖ਼ਮੀਆਂ ਨੂੰ ਮਿਲਣ ਲਈ ਮੈਡੀਕਲ ਕਾਲਜ ਪੁੱਜੇ ਹਨ। ਜ਼ਖਮੀਆਂ ਨੂੰ ਬਿਹਤਰ ਇਲਾਜ ਦੇਣ ਦੇ ਨਿਰਦੇਸ਼ ਦਿਤੇ ਗਏ ਹਨ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਵਾਰਸਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਗਿਆ ਹੈ।