ਲੋਕ ਸਭਾ ਚੋਣਾਂ ਦਾ ਤੀਜਾ ਪੜਾਅ ਮੁਕੰਮਲ, 61 ਫੀ ਸਦੀ ਵੋਟਿੰਗ ਦਰਜ
Published : May 7, 2024, 9:49 pm IST
Updated : May 7, 2024, 9:49 pm IST
SHARE ARTICLE
Voting
Voting

ਬੰਗਾਲ ’ਚ ਹਿੰਸਾ ਅਤੇ ਉੱਤਰ ਪ੍ਰਦੇਸ਼ ’ਚ ਬੂਥਾਂ ਨੂੰ ਲੁੱਟਣ ਦੇ ਦੋਸ਼

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ’ਚ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 93 ਸੀਟਾਂ ’ਤੇ ਕਰੀਬ 61 ਫੀ ਸਦੀ ਵੋਟਿੰਗ ਹੋਈ। ਪਛਮੀ ਬੰਗਾਲ ਦੇ ਕੁੱਝ ਹਿੱਸਿਆਂ ’ਚ ਹਿੰਸਾ ਦੀਆਂ ਖ਼ਬਰਾਂ ਮਿਲੀਆਂ ਹਨ। 

ਰਾਤ ਅੱਠ ਵਜੇ ਤਕ ਪ੍ਰਾਪਤ ਅੰਕੜਿਆਂ ’ਚ ਅਸਾਮ ਅੰਦਰ ਸੱਭ ਤੋਂ ਵੱਧ 75.30 ਫੀ ਸਦੀ, ਗੋਆ ’ਚ 74.32 ਫ਼ੀ ਸਦੀ ਪਛਮੀ ਬੰਗਾਲ ’ਚ 73.93 ਫੀ ਸਦੀ ਅਤੇ ਮਹਾਰਾਸ਼ਟਰ ’ਚ ਸੱਭ ਤੋਂ ਘੱਟ 54.98 ਫੀ ਸਦੀ ਵੋਟਿੰਗ ਦਰਜ ਕੀਤੀ ਗਈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ’ਚ 57.34 ਫ਼ੀ ਸਦੀ, ਛੱਤੀਸਗੜ੍ਹ ’ਚ 67.07 ਫ਼ੀ ਸਦੀ, ਦਾਦਰਾ ਅਤੇ ਨਗਰ ਹਵੇਲੀ ਤੇ ਦਮਨ ਦਿਉ ’ਚ 65.23 ਫ਼ੀ ਸਦੀ, ਕਰਨਾਟਕ ’ਚ 68.22 ਫ਼ੀ ਸਦੀ ਅਤੇ ਮੱਧ ਪ੍ਰਦੇਸ਼ ’ਚ 63.22 ਫ਼ੀ ਸਦੀ ਵੋਟਿੰਗ ਹੋਈ। 

ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਸੀ। ਵੋਟਿੰਗ ਖ਼ਤਮ ਹੋਣ ਦਾ ਦਾ ਅਧਿਕਾਰਤ ਸਮਾਂ ਸ਼ਾਮ 6 ਵਜੇ ਤਕ ਸੀ, ਹਾਲਾਂਕਿ ਇਸ ਨੂੰ ਵੋਟਿੰਗ ਖ਼ਤਮ ਹੋਣ ਦੇ ਸਮੇਂ ਤੋਂ ਪਹਿਲਾਂ ਤੋਂ ਹੀ ਕਤਾਰਾਂ ’ਚ ਲੱਗੇ ਲੋਕਾਂ ਲਈ ਵਧਾ ਦਿਤਾ ਗਿਆ ਸੀ ਤਾਂ ਜੋ ਪੋਲਿੰਗ ਸਟੇਸ਼ਨ ’ਤੇ ਕਤਾਰਾਂ ’ਚ ਖੜੇ ਵੋਟਰਾਂ ਨੂੰ ਮੌਕਾ ਦਿਤਾ ਜਾ ਸਕੇ। 

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ’ਚ 8.39 ਕਰੋੜ ਔਰਤਾਂ ਸਮੇਤ 17.24 ਕਰੋੜ ਲੋਕ ਵੋਟ ਪਾਉਣ ਦੇ ਯੋਗ ਹਨ ਅਤੇ 18.5 ਲੱਖ ਅਧਿਕਾਰੀਆਂ ਦੀ ਅਗਵਾਈ ਵਾਲੇ 1.85 ਲੱਖ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ। 

ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਗੁਜਰਾਤ ਦੀਆਂ 25 ਲੋਕ ਸਭਾ ਸੀਟਾਂ ’ਤੇ ਲਗਭਗ 55.22 ਫੀ ਸਦੀ ਵੋਟਿੰਗ ਹੋਈ। ਗੁਜਰਾਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਵੋਟ ਪਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਲੋਕ ਸਭਾ ਹਲਕੇ ਦੇ ਪੋਲਿੰਗ ਬੂਥ ’ਤੇ ਵੋਟ ਪਾਈ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਅਹਿਮਦਾਬਾਦ ਦੇ ਇਕ ਪੋਲਿੰਗ ਬੂਥ ’ਤੇ ਵੋਟ ਪਾਈ। ਕੇਂਦਰੀ ਮੰਤਰੀ ਸ਼ਾਹ (ਗਾਂਧੀਨਗਰ), ਜਯੋਤੀਰਾਦਿੱਤਿਆ ਸਿੰਧੀਆ (ਗੁਨਾ), ਮਨਸੁਖ ਮਾਂਡਵੀਆ (ਪੋਰਬੰਦਰ), ਪਰਸ਼ੋਤਮ ਰੁਪਾਲਾ (ਰਾਜਕੋਟ), ਪ੍ਰਹਿਲਾਦ ਜੋਸ਼ੀ (ਧਾਰਵਾੜ) ਅਤੇ ਐਸ ਪੀ ਸਿੰਘ ਬਘੇਲ (ਆਗਰਾ) ਇਸ ਪੜਾਅ ਦੇ ਪ੍ਰਮੁੱਖ ਨੇਤਾਵਾਂ ’ਚ ਸ਼ਾਮਲ ਹਨ। 

ਕਰਨਾਟਕ ਦੇ ਉੱਤਰੀ ਜ਼ਿਲ੍ਹਿਆਂ ਦੇ ਜ਼ਿਆਦਾਤਰ ਲੋਕ ਸਭਾ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਨੂੰ ਕਤਾਰਾਂ ’ਚ ਖੜ੍ਹੇ ਵੇਖਿਆ ਗਿਆ। ਕਰਨਾਟਕ ’ਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਭਗਵੰਤ ਖੁਬਾ ਅਤੇ ਕਰਨਾਟਕ ਦੇ ਮੰਤਰੀ ਪ੍ਰਿਯੰਕ ਖੜਗੇ ਸਮੇਤ ਹੋਰਾਂ ਨੇ ਵੋਟਿੰਗ ਦੇ ਤੜਕੇ ਵੋਟ ਪਾਈ। ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਅਪਣੇ ਪੁੱਤਰਾਂ, ਸ਼ਿਮੋਗਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਬੀਵਾਈ ਰਾਘਵੇਂਦਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਬੀਵਾਈ ਵਿਜੇਂਦਰ ਅਤੇ ਨੂੰਹਾਂ ਨਾਲ ਸ਼ਿਵਮੋਗਾ ਜ਼ਿਲ੍ਹੇ ਦੇ ਸ਼ਿਕਾਰੀਪੁਰਾ ’ਚ ਵੋਟ ਪਾਈ। 

ਮਹਾਰਾਸ਼ਟਰ ’ਚ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਉਨ੍ਹਾਂ ਦੀ ਪਤਨੀ ਸੁਨੇਤਰਾ ਪਵਾਰ ਅਤੇ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਵੀ ਵੋਟ ਪਾਈ। ਬਾਰਾਮਤੀ ’ਚ ਐਨ.ਸੀ.ਪੀ. ਉਮੀਦਵਾਰ ਸੁਨੇਤਰਾ ਪਵਾਰ ਦਾ ਮੁਕਾਬਲਾ ਸ਼ਰਦ ਪਵਾਰ ਦੀ ਬੇਟੀ ਅਤੇ ਮੌਜੂਦਾ ਸੰਸਦ ਮੈਂਬਰ ਸੁਪ੍ਰਿਆ ਸੁਲੇ ਨਾਲ ਹੈ। ਪੁਣੇ ਜ਼ਿਲ੍ਹੇ ਦੇ ਬਾਰਾਮਤੀ ਹਲਕੇ ਦੇ ਮਾਲੇਗਾਓਂ ਇਲਾਕੇ ਦੇ ਪੋਲਿੰਗ ਬੂਥ ’ਤੇ ਪਹੁੰਚਣ ’ਤੇ ਪਵਾਰ ਦਾ ਰਵਾਇਤੀ ਆਰਤੀ ਨਾਲ ਸਵਾਗਤ ਕੀਤਾ ਗਿਆ। ਸ਼ਰਦ ਪਵਾਰ ਪੋਲਿੰਗ ਬੂਥ ’ਤੇ ਵੋਟ ਪਾਉਣ ਤੋਂ ਪਹਿਲਾਂ ਕਤਾਰ ’ਚ ਖੜ੍ਹੇ ਸਨ। ਅਜੀਤ ਪਵਾਰ ਅਤੇ ਸੁਨੇਤਰਾ ਪਵਾਰ ਨੇ ਬਾਰਾਮਤੀ ਦੇ ਕਟੇਵਾੜੀ ਇਲਾਕੇ ’ਚ ਇਕ ਪੋਲਿੰਗ ਬੂਥ ’ਤੇ ਵੋਟ ਪਾਈ। 

ਅਸਾਮ ’ਚ ਲੋਕ ਵੋਟ ਪਾਉਣ ਲਈ ਵੱਡੀ ਗਿਣਤੀ ’ਚ ਕਤਾਰਾਂ ’ਚ ਖੜ੍ਹੇ ਨਜ਼ਰ ਆਏ। ਹਿਮੰਤਾ ਬਿਸਵਾ ਸ਼ਰਮਾ ਨੇ ਬਾਰਪੇਟਾ ਲੋਕ ਸਭਾ ਸੀਟ ਦੇ ਅਮੀਨਗਾਓਂ ’ਚ ਅਪਣੀ ਵੋਟ ਪਾਈ। ਮੁੱਖ ਮੰਤਰੀ ਨੇ ਅਪਣੀ ਪਤਨੀ ਰਿੰਕੀ ਭੁਈਆਂ ਸ਼ਰਮਾ ਅਤੇ ਬੇਟੀ ਸੁਕੰਨਿਆ ਸ਼ਰਮਾ ਨਾਲ ਅਮੀਨਗਾਓਂ ਹਾਈ ਸਕੂਲ ਦੇ ਪੋਲਿੰਗ ਬੂਥ ’ਤੇ ਵੋਟ ਪਾਈ। ਰਾਜ ਦੀਆਂ ਚਾਰ ਲੋਕ ਸਭਾ ਸੀਟਾਂ ਲਈ ਵੋਟਾਂ ਪਈਆਂ ਸਨ। ਵੋਟਰ ਗੁਹਾਟੀ, ਬਾਰਪੇਟਾ, ਧੂਬਰੀ ਅਤੇ ਕੋਕਰਾਝਾਰ ਸੀਟਾਂ ’ਤੇ ਕਿਸ਼ਤੀਆਂ ਸਮੇਤ ਵੱਖ-ਵੱਖ ਸਾਧਨਾਂ ਦੀ ਵਰਤੋਂ ਕਰ ਕੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ’ਤੇ ਪਹੁੰਚੇ। 

ਤੀਜੇ ਪੜਾਅ ’ਚ 120 ਔਰਤਾਂ ਸਮੇਤ 1300 ਤੋਂ ਵੱਧ ਉਮੀਦਵਾਰ ਚੋਣ ਮੈਦਾਨ ’ਚ ਹਨ। ਕੁਲ 543 ਸੀਟਾਂ ’ਚੋਂ ਪਹਿਲੇ ਦੋ ਪੜਾਵਾਂ ’ਚ 189 ਸੀਟਾਂ ’ਤੇ ਵੋਟਿੰਗ ਮੁਕੰਮਲ ਹੋ ਚੁਕੀ ਹੈ। ਅਗਲੇ ਚਾਰ ਪੜਾਅ 13 ਮਈ, 20 ਮਈ, 25 ਮਈ ਅਤੇ 1 ਜੂਨ ਨੂੰ ਹੋਣਗੇ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। 

ਚੋਣ ਡਿਊਟੀ ’ਤੇ ਤਾਇਨਾਤ ਤਿੰਨ ਸਰਕਾਰੀ ਅਧਿਕਾਰੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਚੋਣ ਕਮਿਸ਼ਨ ਦੇ ਸੂਤਰਾਂ ਨੇ ਦਸਿਆ ਕਿ ਕਰਨਾਟਕ ’ਚ ਚੋਣ ਡਿਊਟੀ ’ਤੇ ਤਾਇਨਾਤ ਦੋ ਸਰਕਾਰੀ ਅਧਿਕਾਰੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਗੋਵਿੰਦਾਅੱਪਾ ਸਿੱਧਾਪੁਰਾ (48) ਸਰਕਾਰੀ ਸਕੂਲ ’ਚ ਅਧਿਆਪਕ ਸਨ ਜਿਨ੍ਹਾਂ ਦੀ ਬਾਗਲਕੋਟ ਜ਼ਿਲ੍ਹੇ ਦੇ ਮੁਧੋਲ ਨਗਰ ’ਚ ਮੌਤ ਹੋ ਗਈ। ਜਦਕਿ ਸਹਾਇਕ ਖੇਤੀ ਅਧਿਕਾਰੀ ਆਨੰਦ ਤੇਲਾਂਗ (32) ਦੀ ਮੌਤ ਬੀਦਰ ਜ਼ਿਲ੍ਹੇ ਦੇ ਕੁੰਦਬਲ ’ਚ ਹੋਈ। ਇਸ ਤੋਂ ਇਲਾਵਾ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ’ਚ ਇਕ ਪੋਲਿੰਗ ਬੂਥ ’ਤੇ ਤਾਇਨਾਤ 45 ਸਾਲ ਦੀ ਮਹਿਲਾ ਪੋਲਿੰਗ ਅਫਸਰ ਕੌਸ਼ਿਕਾ ਬਾਬਰੀਆ ਦੀ ਵੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 

ਪਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ, ਭਾਜਪਾ ਅਤੇ ਕਾਂਗਰਸ-ਸੀ.ਪੀ.ਆਈ. (ਐਮ) ਦੇ ਵਰਕਰ ਆਪਸ ’ਚ ਭਿੜੇ

ਪਛਮੀ ਬੰਗਾਲ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ’ਚ ਹਿੰਸਾ ਦੀਆਂ ਕੁੱਝ ਘਟਨਾਵਾਂ ਕਾਰਨ ਮੁਰਸ਼ੀਦਾਬਾਦ ਅਤੇ ਜੰਗੀਪੁਰ ਸੀਟਾਂ ਦੇ ਵੱਖ-ਵੱਖ ਹਿੱਸਿਆਂ ’ਚ ਤ੍ਰਿਣਮੂਲ ਕਾਂਗਰਸ, ਭਾਜਪਾ ਅਤੇ ਕਾਂਗਰਸ-ਸੀ.ਪੀ.ਆਈ. (ਐਮ) ਦੇ ਵਰਕਰ ਆਪਸ ’ਚ ਭਿੜ ਗਏ। ਅਧਿਕਾਰੀਆਂ ਮੁਤਾਬਕ ਮੁਰਸ਼ਿਦਾਬਾਦ ’ਚ ਸੱਭ ਤੋਂ ਵੱਧ 76.49 ਫੀ ਸਦੀ ਵੋਟਿੰਗ ਹੋਈ। ਮਾਲਦਾ ਦੱਖਣ ’ਚ 73.68 ਫ਼ੀ ਸਦੀ , ਮਾਲਦਾ ਉੱਤਰ ’ਚ 73.30 ਫ਼ੀ ਸਦੀ ਅਤੇ ਜੰਗੀਪੁਰ ’ਚ 72.13 ਫ਼ੀ ਸਦੀ ਦਰਜ ਕੀਤਾ ਗਿਆ। 

ਤ੍ਰਿਣਮੂਲ ਕਾਂਗਰਸ, ਭਾਜਪਾ ਅਤੇ ਕਾਂਗਰਸ-ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐਮ) ਨੇ ਚੋਣ ਹਿੰਸਾ, ਵੋਟਰਾਂ ਨੂੰ ਧਮਕਾਉਣ ਅਤੇ ਚੋਣ ਏਜੰਟਾਂ ’ਤੇ ਹਮਲੇ ਨਾਲ ਸਬੰਧਤ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਹਨ। 

ਚੋਣ ਕਮਿਸ਼ਨ ਨੂੰ ਸਵੇਰੇ 9 ਵਜੇ ਤਕ 182 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ਵਿਚੋਂ ਜ਼ਿਆਦਾਤਰ ਮੁਰਸ਼ੀਦਾਬਾਦ ਅਤੇ ਜੰਗੀਪੁਰ ਹਲਕਿਆਂ ਤੋਂ ਸਨ। ਮੁਰਸ਼ਿਦਾਬਾਦ ਸੀਟ ਤੋਂ ਖੱਬੇਪੱਖੀ-ਕਾਂਗਰਸ ਗੱਠਜੋੜ ਦੇ ਉਮੀਦਵਾਰ ਮੁਹੰਮਦ ਸਲੀਮ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਹਲਕੇ ਦੇ ਰਬੀਨਗਰ ਇਲਾਕੇ ’ਚ ਇਕ ਜਾਅਲੀ ਬੂਥ ਏਜੰਟ ਨੂੰ ਫੜਿਆ ਹੈ। 

ਰਬੀਨਗਰ ਇਲਾਕੇ ’ਚ ਸਲੀਮ ਨੂੰ ਉਸ ਸਮੇਂ ‘ਵਾਪਸ ਜਾਓ’ ਦੇ ਨਾਅਰਿਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਨੇ ਸੀ.ਪੀ.ਆਈ. (ਐਮ) ਦੇ ਬੂਥ ਏਜੰਟ ਨੂੰ ਘੇਰਨ ਦੇ ਦੋਸ਼ਾਂ ਤੋਂ ਬਾਅਦ ਪੋਲਿੰਗ ਬੂਥ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਨੇ ਪੂਰੇ ਹਲਕੇ ’ਚ ਦਹਿਸ਼ਤ ਫੈਲਾ ਦਿਤੀ ਹੈ। ਚੋਣ ਕਮਿਸ਼ਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਇਲਾਕੇ ’ਚ ਵੋਟਰਾਂ ਨੂੰ ਧਮਕਾਉਣ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਸਲੀਮ ਨੂੰ ਇਕ ਬੂਥ ਤੋਂ ਦੂਜੇ ਬੂਥ ’ਤੇ ਜਾਂਦੇ ਵੇਖਿਆ ਗਿਆ ਸੀ। ਇਸ ਸੀਟ ਦੇ ਕਰੀਮਪੁਰ ਇਲਾਕੇ ਵਿਚ ਕੁੱਝ ਪੋਲਿੰਗ ਬੂਥਾਂ ਦੇ ਬਾਹਰ ਤ੍ਰਿਣਮੂਲ ਕਾਂਗਰਸ ਅਤੇ ਸੀ.ਪੀ.ਆਈ. (ਐਮ) ਸਮਰਥਕਾਂ ਵਿਚਾਲੇ ਝੜਪਾਂ ਹੋਈਆਂ। ਡੋਮਕੋਲ ਇਲਾਕੇ ਵਿਚ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਵਰਕਰਾਂ ਵਿਚਾਲੇ ਝੜਪਾਂ ਵੀ ਹੋਈਆਂ। ਭਾਜਪਾ ਉਮੀਦਵਾਰ ਧਨੰਜੇ ਘੋਸ਼ ਨੂੰ ਜੰਗੀਪੁਰ ਖੇਤਰ ’ਚ ਟੀ.ਐਮ.ਸੀ. ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਸ ਨੇ ਹਲਕੇ ਦੇ ਕੁੱਝ ਪੋਲਿੰਗ ਬੂਥਾਂ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। 

ਅਖਿਲੇਸ਼ ਯਾਦਵ ਨੇ ਭਾਜਪਾ ਵਰਕਰਾਂ ’ਤੇ ਮੈਨਪੁਰੀ ’ਚ ਬੂਥਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ

ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ’ਤੇ 55.13 ਫੀ ਸਦੀ ਵੋਟਿੰਗ ਹੋਈ। ਸਮਾਜਵਾਦੀ ਪਾਰਟੀ (ਸਪਾ) ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਪਰਵਾਰ ਦੇ ਕੁੱਝ ਮੈਂਬਰ ਇਸ ਪੜਾਅ ’ਚ ਅਪਣੀ ਕਿਸਮਤ ਅਜ਼ਮਾ ਰਹੇ ਹਨ। ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਭਾਜਪਾ ਵਰਕਰ ਮੈਨਪੁਰੀ ’ਚ ਬੂਥਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਯਾਦਵ ਨੇ ਮੈਨਪੁਰੀ ਹਲਕੇ ਦੇ ਸੈਫਈ (ਇਟਾਵਾ) ’ਚ ਵੋਟ ਪਾਈ, ਜਿੱਥੇ ਉਨ੍ਹਾਂ ਦੀ ਪਤਨੀ ਅਤੇ ਮੌਜੂਦਾ ਸੰਸਦ ਮੈਂਬਰ ਡਿੰਪਲ ਯਾਦਵ ਚੋਣ ਲੜ ਰਹੀ ਹੈ।

ਅਖਿਲੇਸ਼ ਯਾਦਵ ਨੇ ਕਿਹਾ, ‘‘ਭਾਜਪਾ ਦੇ ਲੋਕਾਂ ਨੇ ਪਿਛਲੀਆਂ ਚੋਣਾਂ ’ਚ ਬੂਥਾਂ ਨੂੰ ਲੁੱਟਿਆ ਸੀ, ਜਦੋਂ ਉਹ ਬੁਰੀ ਤਰ੍ਹਾਂ ਹਾਰ ਗਏ ਸਨ। ਉਹ ਫਿਰ ਬੂਥ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ।’’ ਉਨ੍ਹਾਂ ਨੇ ਕੁੱਝ ਥਾਵਾਂ ’ਤੇ ਵੋਟਾਂ ’ਚ ਹੇਰਾਫੇਰੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੁੱਝ ਥਾਵਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਰਕਾਰ ਤਾਕਤ ਦੀ ਵਰਤੋਂ ਕਰ ਰਹੀ ਹੈ। ਪੋਲਿੰਗ ਸਟੇਸ਼ਨਾਂ ਦੇ ਬਾਹਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ।

ਬਦਾਯੂਂ ’ਚ ਧੋਰਾਂਪੁਰ ਦੇ ਪਿੰਡ ਵਾਸੀਆਂ ਨੇ ਸੜਕ ਦੀ ਮੰਗ ’ਤੇ ਧਿਆਨ ਨਾ ਦੇਣ ’ਤੇ ਨੇਤਾਵਾਂ ਦੇ ਵਿਰੋਧ ’ਚ ਵੋਟਿੰਗ ਦਾ ਬਾਈਕਾਟ ਕੀਤਾ। ਜ਼ਿਲ੍ਹਾ ਮੈਜਿਸਟਰੇਟ ਮਨੋਜ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਅਤੇ ਇਕ ਸਬ-ਡਵੀਜ਼ਨਲ ਮੈਜਿਸਟਰੇਟ (ਐਸ.ਡੀ.ਐਮ.) ਨੂੰ ਪਿੰਡ ਭੇਜਿਆ ਗਿਆ ਹੈ। ਫਿਰੋਜ਼ਾਬਾਦ ਦੇ ਤਿੰਨ ਪਿੰਡਾਂ ਨਗਲਾ ਜਵਾਹਰ, ਨੀਮ ਖੇੜੀਆ ਅਤੇ ਨਗਲਾ ਉਮਰ ਵਿਚ ਇਕ ਵੀ ਵੋਟ ਨਹੀਂ ਪਾਈ ਗਈ ਕਿਉਂਕਿ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦਾ ਧਿਆਨ ਅਪਣੀਆਂ ਸਮੱਸਿਆਵਾਂ ਵਲ ਖਿੱਚਣ ਦੀ ਕੋਸ਼ਿਸ਼ ਕੀਤੀ। 

ਬਦਾਯੂੰ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਆਦਿੱਤਿਆ ਯਾਦਵ ਨੇ ਦੋਸ਼ ਲਾਇਆ ਕਿ ਕੁੱਝ ਥਾਵਾਂ ’ਤੇ ਸਮਾਜਵਾਦੀ ਪਾਰਟੀ ਸਮਰਥਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿਤੀ ਗਈ। ਉਨ੍ਹਾਂ ਕਿਹਾ, ‘‘ਮੈਂ ਇਸ ਸਬੰਧ ’ਚ ਚੋਣ ਕਮਿਸ਼ਨ ਦੇ ਆਬਜ਼ਰਵਰ ਨੂੰ ਸ਼ਿਕਾਇਤ ਕੀਤੀ ਹੈ ਅਤੇ ਪੁਲਿਸ ਅੱਤਿਆਚਾਰਾਂ ਦੇ ਸਬੂਤ ਸੌਂਪੇ ਹਨ। ਸਾਨੂੰ ਸਿਰਫ ਭਰੋਸਾ ਮਿਲ ਰਿਹਾ ਹੈ।’’

ਸੰਭਲ ’ਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਜ਼ਿਆ-ਉਰ-ਰਹਿਮਾਨ ਬਰਕ ਨੇ ਦੋਸ਼ ਲਾਇਆ ਕਿ ਭਾਜਪਾ ਵਰਕਰ ਦੇ ਤੌਰ ’ਤੇ ਕੰਮ ਕਰ ਰਹੇ ਇਕ ਪੁਲਿਸ ਸਰਕਲ ਅਧਿਕਾਰੀ ਨੇ ਸਪਾ ਵਰਕਰਾਂ ਤੋਂ ਬੈਗ ਅਤੇ ਵੋਟਰ ਪਰਚੀਆਂ ਖੋਹ ਲਈਆਂ ਅਤੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਧਿਕਾਰੀ ਨੂੰ ਤੁਰਤ ਹਟਾਉਣ ਦੀ ਅਪੀਲ ਕੀਤੀ। 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement