
ਮਾਲੇਗਾਓਂ ਬੰਬ ਧਮਾਕੇ ਦੀ ਦੋਸ਼ੀ ਅਤੇ ਭਾਜਪਾ ਸਾਂਸਦ ਪ੍ਰੱਗਿਆ ਠਾਕੁਰ ਅੱਜ ਸ਼ੁੱਕਰਵਾਰ ਨੂੰ ਐਨਆਈਏ ਕੋਰਟ ਵਿਚ ਸਵੇਰੇ 11 ਵਜੇ ਪੇਸ਼ ਹੋਵੇਗੀ।
ਨਵੀਂ ਦਿੱਲੀ: ਮਾਲੇਗਾਓਂ ਬੰਬ ਧਮਾਕੇ ਦੀ ਦੋਸ਼ੀ ਅਤੇ ਭਾਜਪਾ ਸਾਂਸਦ ਪ੍ਰੱਗਿਆ ਠਾਕੁਰ ਅੱਜ ਸ਼ੁੱਕਰਵਾਰ ਨੂੰ ਐਨਆਈਏ ਕੋਰਟ ਵਿਚ ਸਵੇਰੇ 11 ਵਜੇ ਪੇਸ਼ ਹੋਵੇਗੀ। ਉਹਨਾਂ ਨੇ ਵੀਰਵਾਰ ਨੂੰ ਕੋਰਟ ਵਿਚ ਪੇਸ਼ ਹੋਣਾ ਸੀ ਪਰ ਉਹ ਕੋਰਟ ਵਿਚ ਨਹੀਂ ਪਹੁੰਚ ਸਕੀ। ਇਸ ਹਫ਼ਤੇ ਵਿਚ ਇਹ ਦੂਜਾ ਮੌਕਾ ਹੈ ਜਦੋਂ ਉਹ ਕੋਰਟ ਵਿਚ ਨਹੀਂ ਪਹੁੰਚ ਸਕੀ। ਉਹਨਾਂ ਦੇ ਵਕੀਲ ਪ੍ਰਸ਼ਾਂਤ ਮਾਗੁ ਨੇ ਕੋਰਟ ਨੂੰ ਕਿਹਾ ਕਿ ਸਾਧਵੀ ਹਾਈ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਹੈ ਅਤੇ ਉਹ ਸਫ਼ਰ ਨਹੀਂ ਕਰ ਸਕਦੀ। ਹਾਲਾਂਕਿ ਕੋਰਟ ਨੇ ਉਹਨਾਂ ਨੂੰ ਇਕ ਦਿਨ ਹੋਰ ਦਿੰਦੇ ਹੋਏ ਸ਼ੁੱਕਰਵਾਰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ।
NIA court
ਉਥੇ ਪ੍ਰੱਗਿਆ ਦੀ ਸਹਿਯੋਗੀ ਉਪਮਾ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਤੋਂ ਬਾਅਦ ਉਹ ਇਲਾਜ ਲਈ ਹਸਪਤਾਲ ਵਾਪਿਸ ਆ ਗਈ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਹਾਲੇ ਵੀ ਉਹਨਾਂ ਦਾ ਇਲਾਜ ਚੱਲ਼ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰੱਗਿਆ ਨੇ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਦਿੱਗਵਿਜੈ ਸਿੰਘ ਨੂੰ ਭੋਪਾਲ ਲੋਕ ਸਭਾ ਸੀਟ ਤੋਂ ਹਰਾਇਆ ਸੀ। 2008 ਵਿਚ ਹੋਏ ਮਾਲੇਗਾਓਂ ਬੰਬ ਧਮਾਕੇ ਵਿਚ ਪ੍ਰੱਗਿਆ ਠਾਕੁਰ ਮੁੱਖ ਦੋਸ਼ੀ ਹੈ ਅਤੇ ਫਿਲਹਾਲ ਜ਼ਮਾਨਤ ‘ਤੇ ਹੈ।
Sadhvi Pragya
ਦੱਸ ਦਈਏ ਕਿ ਇਸ ਹਫ਼ਤੇ ਕੋਰਟ ਵਿਚ ਪੇਸ਼ ਹੋਣ ਤੋਂ ਛੋਟ ਦੇਣ ਲਈ ਪ੍ਰੱਗਿਆ ਦੀ ਅਰਜੀ, ਸੋਮਵਾਰ ਨੂੰ ਐਨਆਈਏ ਜੱਜ ਵੀਐਸ ਪਡਾਲਕਰ ਨੇ ਖਾਰਿਜ ਕਰ ਦਿੱਤੀ ਸੀ। ਅਰਜੀ ਵਿਚ ਪ੍ਰੱਗਿਆ ਨੇ ਕਿਹਾ ਸੀ ਕਿ ਉਹਨਾਂ ਨੇ ਸਾਂਸਦ ਦੀਆਂ ਰਸਮਾਂ ਪੂਰੀਆਂ ਕਰਨੀਆਂ ਹਨ। ਕੋਰਟ ਨੇ ਇਸ ‘ਤੇ ਕਿਹਾ ਕਿ ਮਾਮਲੇ ਵਿਚ ਇਸ ਪੱਧਰ ‘ਤੇ ਕੋਰਟ ਵਿਚ ਉਹਨਾਂ ਦੀ ਮੌਜੂਦਗੀ ਜ਼ਰੂਰੀ ਹੈ।