ਦੁਨੀਆਂ ਦਾ ਤੀਜਾ ਸੱਭ ਤੋਂ ਪ੍ਰਭਾਵਤ ਮੁਲਕ ਬਣਿਆ ਭਾਰਤ
ਨਵੀਂ ਦਿੱਲੀ, 6 ਜੁਲਾਈ : ਦੇਸ਼ ਵਿਚ ਇਕ ਦਿਨ ਵਿਚ ਕੋਵਿਡ-19 ਦੇ 24248 ਮਾਮਲੇ ਸਾਹਮਣੇ ਆਏ ਜਿਸ ਮਗਰੋਂ ਸੋਮਵਾਰ ਨੂੰ ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਕੁਲ ਮਾਮਲਿਆਂ ਦੀ ਗਿਣਤੀ ਸੱਤ ਲੱਖ ਲਾਗੇ ਪਹੁੰਚ ਗਈ। ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਇਸ ਮਾਰੂ ਬੀਮਾਰੀ ਕਾਰਨ ਇਕ ਦਿਨ ਵਿਚ 425 ਮਰੀਜ਼ਾਂ ਦੀ ਮੌਤ ਹੋ ਗਈ ਜਿਸ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 19693 ਹੋ ਗਈ।
ਦੇਸ਼ ਵਿਚ ਲਗਾਤਾਰ ਚੌਥੇ ਦਿਨ ਕੋਰੋਨਾ ਵਾਇਰਸ ਦੀ ਲਾਗ ਦੇ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ। ਭਾਰਤ ਐਤਵਾਰ ਨੂੰ ਰੂਸ ਨੂੰ ਪਿੱਛੇ ਛਡਦਿਆਂ ਇਸ ਮਾਰੂ ਬੀਮਾਰੀ ਤੋਂ ਸੱਭ ਤੋਂ ਪ੍ਰਭਾਵਤ ਤੀਜਾ ਮੁਲਕ ਬਣ ਗਿਆ ਹੈ। ਲਾਗ ਦੇ ਕੁਲ ਮਾਮਲਿਆਂ ਵਿਚ ਹੁਣ ਸਿਰਫ਼ ਅਮਰੀਕਾ ਅਤੇ ਬ੍ਰਾਜ਼ੀਲ ਹੀ ਭਾਰਤ ਤੋਂ ਅੱਗੇ ਹਨ। ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 24248 ਮਾਮਲੇ ਸਾਹਮਣੇ ਆਏ ਜਿਸ ਮਗਰੋਂ ਕੁਲ ਮਾਮਲਿਆਂ ਦੀ ਗਿਣਤੀ ਵੱਧ ਕੇ 6,97,413 ਹੋ ਗਈ।
ਅੰਕੜਿਆਂ ਮੁਤਾਬਕ ਹੁਣ ਤਕ ਦੇਸ਼ ਵਿਚ 424432 ਮਰੀਜ਼ ਇਲਾਜ ਮਗਰੋਂ ਠੀਕ ਹੋ ਚੁਕੇ ਹਨ ਅਤੇ 253287 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਮੰਤਰਾਲੇ ਮੁਤਾਬਕ ਹੁਣ ਤਕ 60.85 ਫ਼ੀ ਸਦੀ ਮਰੀਜ਼ ਠੀਕ ਹੋ ਚੁਕੇ ਹਨ। ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ ਵਿਚ ਉਹ ਵਿਦੇਸ਼ੀ ਵੀ ਸ਼ਾਮਲ ਹਨ ਜਿਨ੍ਹਾਂ ਦੀ ਭਾਰਤ ਵਿਚ ਕੀਤੀ ਗਈ ਜਾਂਚ ਵਿਚ ਲਾਗ ਦੀ ਪੁਸ਼ਟੀ ਹੋਈ।
ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਪੰਜ ਜੁਲਾਈ ਤਕ ਦੇਸ਼ ਵਿਚ 9969662 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ। ਇਨ੍ਹਾਂ ਵਿਚੋਂ 180596 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ। ਪਿਛਲੇ ਚੌਵੀ ਘੰਟਿਆਂ ਵਿਚ ਕੋਵਿਡ-19 ਨਾਲ ਹੋਈਆਂ 425 ਮੌਤਾਂ ਵਿਚੋਂ 151 ਮਰੀਜ਼ਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈ। ਦਿੱਲੀ ਵਿਚ 63, ਤਾਮਿਲਨਾਡੂ ਵਿਚ 60, ਕਰਨਾਅਕ ਵਿਚ 37, ਪਛਮੀ ਬੰਗਾਲ ਵਿਚ 21, ਗੁਜਰਾਤ ਵਿਚ 18, ਆਂਧਰਾ ਪ੍ਰਦੇਸ਼ ਵਿਚ 14, ਯੂਪੀ ਵਿਚ 12, ਮੱਧ ਪ੍ਰਦੇਸ਼ ਵਿਚ ਦਸ,
ਰਾਜਸਥਾਨ ਵਿਚ ਨੌਂ, ਤੇਲੰਗਾਨਾ ਵਿਚ ਸੱਤ, ਬਿਹਾਰ ਵਿਚ ਛੇ, ਜੰਮੂ ਕਸ਼ਮੀਰ ਅਤੇ ਹਰਿਆਣਾ ਵਿਚ ਪੰਜ-ਪੰਜ, ਪੰਜਾਬ, ਝਾਰਖੰਡ ਅਤੇ ਉੜੀਸਾ ਵਿਚ ਦੋ-ਦੋ ਅਤੇ ਗੋਆ ਵਿਚ ਇਕ ਮਰੀਜ਼ ਦੀ ਮੌਤ ਹੋਈ। ਹੁਣ ਤਕ ਕੁਲ ਮੌਤਾਂ ਵਿਚੋਂ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 8822 ਮਰੀਜ਼ਾਂ ਦੀ ਮੌਤ ਹੋਈ ਹੈ। ਦਿੱਲੀ ਵਿਚ ਹੁਣ ਤਕ 3067 ਮਰੀਜ਼ਾਂ ਨੇ ਦਮ ਤੋੜਿਆ ਹੈ।
ਗੁਜਰਾਤ ਵਿਚ 1943, ਤਾਮਿਲਨਾਡੂ ਵਿਚ 1510, ਯੂਪੀ ਵਿਚ 785, ਪਛਮੀ ਬੰਗਾਲ ਵਿਚ 757, ਮੱਧ ਪ੍ਰਦੇਸ਼ ਵਿਚ 608, ਰਾਜਸਥਾਨ ਵਿਚ 456 ਅਤੇ ਕਰਨਾਟਕ ਵਿਚ 372 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। (ਏਜੰਸੀ)