
ਵੀਆਨਾ ਸਮਝੌਤੇ ਮੁਤਾਬਕ ਦੂਤਘਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਮੇਜ਼ਬਾਨ ਦੇਸ਼
ਨਵੀਂ ਦਿੱਲੀ: ਭਾਰਤ ਨੇ ਕੈਨੇਡਾ, ਬਿ੍ਰਟੇਨ, ਅਮਰੀਕਾ ਵਰਗੇ ਦੇਸ਼ਾਂ ਵਿਚ ਖ਼ਾਲਿਸਤਾਨੀ ਤੱਤਾਂ ਦੀਆਂ ਗਤੀਵਿਧੀਆਂ ਅਤੇ ਹਿੰਸਾ ਨੂੰ ਭੜਕਾਉਣ ਨੂੰ ‘ਬਰਦਾਸ਼ਤਯੋਗ ਨਹੀਂ’ ਕਰਾਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਦੂਜੇ ਦੇਸ਼ਾਂ ਵਿਚ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਮਿਸ਼ਨਾਂ ਦੀ ਸੁਰੱਖਿਆ ਸਰਕਾਰ ਦੀ ਸੱਭ ਤੋਂ ਵੱਡੀ ਤਰਜੀਹ ਹੈ ਅਤੇ ਮੇਜ਼ਬਾਨ ਦੇਸ਼ ਤੋਂ ਵੀਏਨਾ ਸਮਝੌਤੇ ਅਨੁਸਾਰ ਦੂਤਾਵਾਸਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਉਮੀਦ ਕੀਤੀ ਜਾਂਦੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਹਫ਼ਤਾਵਾਰੀ ਪ੍ਰੈੱਸ ਬ੍ਰੀਫ਼ਿੰਗ ਵਿਚ ਕਿਹਾ, “ਭਾਰਤੀ ਡਿਪਲੋਮੈਟਾਂ, ਮਿਸ਼ਨਾਂ ਵਿਰੁਧ ਹਿੰਸਾ ਭੜਕਾਉਣ ਵਾਲੇ ਪੋਸਟਰ ਬਰਦਾਸਤਯੋਗ ਨਹੀਂ ਹਨ। ਇਹ ਇਕ ਗੰਭੀਰ ਮੁੱਦਾ ਹੈ ਅਤੇ ਅਸੀਂ ਇਸ ਮਾਮਲੇ ਨੂੰ ਸਬੰਧਤ ਦੇਸ਼ਾਂ ਕੋਲ ਉਠਾਇਆ ਹੈ।’’ ਉਨ੍ਹਾਂ ਕਿਹਾ, ‘‘ਸਾਡੀ ਉਮੀਦ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਅਤਿਵਾਦੀ, ਕਟੜਪੰਥੀ ਤੱਤਾਂ ਨੂੰ ਕੋਈ ਥਾਂ ਨਾ ਦਿਤੀ ਜਾਵੇ।’’
ਬਾਗਚੀ ਨੇ ਕਿਹਾ ਕਿ ਡਿਪਲੋਮੈਟਾਂ, ਕੌਂਸਲੇਟਾਂ, ਹਾਈ ਕਮਿਸ਼ਨਾਂ ’ਤੇ ਪੋਸਟਰ ਲਗਾਉਣ ਦਾ ਮਾਮਲਾ ਬਹੁਤ ਗੰਭੀਰ ਹੈ, ਜਿਸ ਵਿਚ ਹਿੰਸਾ ਭੜਕਾਉਣ, ਧਮਕੀਆਂ ਦੇਣ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ ’ਤੇ ਕੈਨੇਡਾ, ਬਰਤਾਨੀਆ, ਅਮਰੀਕਾ, ਆਸਟ੍ਰੇਲੀਆ ਨਾਲ ਗੱਲਬਾਤ ਹੋਈ ਹੈ, ਕੁੱਝ ਥਾਵਾਂ ਤੋਂ ਤੁਰਤ ਕਾਰਵਾਈ ਦੀ ਸੂਚਨਾ ਮਿਲੀ ਹੈ ਅਤੇ ਉਮੀਦ ਹੈ ਕਿ ਕੁੱਝ ਥਾਵਾਂ ’ਤੇ ਕਾਰਵਾਈ ਹੋਵੇਗੀ।
ਕੁੱਝ ਦਿਨ ਪਹਿਲਾਂ ਹੀ ਭਾਰਤ ਨੇ ਨਵੀਂ ਦਿੱਲੀ ਵਿਚ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਸੀ ਅਤੇ ਕੈਨੇਡਾ ਵਿਚ ਖ਼ਾਲਿਸਤਾਨ ਸਮਰਥਕਾਂ ਦੀਆਂ ਵਧਦੀਆਂ ਗਤੀਵਿਧੀਆਂ ਨੂੰ ਲੈ ਕੇ ਇਕ ‘ਡੀਮਾਰਚ’ (ਇਤਰਾਜ ਪੱਤਰ) ਜਾਰੀ ਕੀਤਾ ਸੀ। ਇਹ ਵੀ ਸਮਝਿਆ ਜਾਂਦਾ ਹੈ ਕਿ ਭਾਰਤ ਨੇ 8 ਜੂਨ ਨੂੰ ਕੈਨੇਡਾ ਵਿਚ ਭਾਰਤੀ ਮਿਸ਼ਨ ਦੇ ਬਾਹਰ ਖ਼ਾਲਿਸਤਾਨ ਪੱਖੀ ਸਮੂਹਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕੈਨੇਡੀਅਨ ਅਧਿਕਾਰੀਆਂ ਨੂੰ ਢੁਕਵੇਂ ਕਦਮ ਚੁਕਣ ਲਈ ਕਿਹਾ ਹੈ।
ਬਾਗਚੀ ਨੇ ਕਿਹਾ,“ਅਸੀਂ ਅਜਿਹੇ ਹਮਲਿਆਂ ਜਾਂ ਧਮਕੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਜੋ ਵੀ ਜ਼ਰੂਰੀ ਹੋਵੇਗਾ, ਉਹ ਕਾਰਵਾਈ ਕਰਦੇ ਰਹਾਂਗੇ।’’ ਉਨ੍ਹਾਂ ਕਿਹਾ ਕਿ ਸਾਡਾ ਦੂਤਘਰ ਅਜਿਹੀਆਂ ਘਟਨਾਵਾਂ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿਚ ਹੈ। ਬੁਲਾਰੇ ਨੇ ਕਿਹਾ ਕਿ ਮੇਜ਼ਬਾਨ ਦੇਸ਼ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਵੀਏਨਾ ਸਮਝੌਤੇ ਮੁਤਾਬਕ ਦੂਤਾਵਾਸਾਂ ਦੀ ਸੁਰੱਖਿਆ ਯਕੀਨੀ ਬਣਾਏ।