
ਕੋਰੋਨਾ ਵਾਇਰਸ ਦੇ ਕੁਲ ਮਰੀਜ਼ਾਂ ਦੀ ਗਿਣਤੀ 20 ਲੱਖ ਦੇ ਨੇੜੇ ਪੁੱਜੀ
ਨਵੀਂ ਦਿੱਲੀ, 6 ਅਗੱਸਤ : ਭਾਰਤ ਵਿਚ ਕੋਰੋਨਾ ਵਾਇਰਸ ਲਾਗ ਦੇ 56282 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਵੀਰਵਾਰ ਨੂੰ ਕੁਲ ਮਰੀਜ਼ਾਂ ਦੀ ਗਿਣਤੀ 1964536 ਹੋ ਗਈ। ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 1328336 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਲਾਗ ਦੇ ਕੁਲ 904 ਮਰੀਜ਼ਾਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 40699 ਹੋ ਗਈ। ਦੇਸ਼ ਵਿਚ 595501 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜੋ ਕੁਲ ਮਾਮਲਿਆਂ ਦਾ 30.31 ਫ਼ੀ ਸਦੀ ਹੈ। ਅੰਕੜਿਆਂ ਮੁਤਾਬਕ ਮੌਤ ਦਰ ਡਿੱਗ ਕੇ 2.07 ਫ਼ੀ ਸਦੀ 'ਤੇ ਆ ਗਈ ਹੈ।
Corona Virus
ਇਹ ਲਗਾਤਾਰ ਅਠਵਾਂ ਦਿਨ ਹੈ ਜਦ ਲਾਗ ਦੇ 50 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਪੰਜ ਅਗੱਸਤ ਕ 22149351 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 664949 ਨਮੂਨਿਆਂ ਦੀ ਜਾਂਚ ਪੰਜ ਅਗੱਸਤ ਨੂੰ ਕੀਤੀ ਗਈ। ਪਿਛਲੇ 24 ਘੰਟਿਆਂ ਵਿਚ ਹੋਈਆਂ 904 ਮੌਤਾਂ ਵਿਚੋਂ 334 ਮਰੀਜ਼ਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈਆਂ। ਇਸ ਤੋਂ ਇਲਾਵਾ ਤਾਮਿਲਨਾਡੂ ਵਿਚ 112, ਕਰਨਾਟਕ ਵਿਚ 100, ਆਂਧਰਾ ਪ੍ਰਦੇਸ਼ ਵਿਚ 77, ਪਛਮੀ ਬੰਗਾਲ ਵਿਚ 61, ਯੂਪੀ ਵਿਚ 40, ਪੰਜਾਬ ਵਿਚ 29, ਗੁਜਰਾਤ ਵਿਚ 23, ਮੱਧ ਪ੍ਰਦੇਸ਼ ਵਿਚ 17, ਰਾਜਸਥਾਨ ਤੇ ਤੇਲੰਗਾਨਾ ਵਿਚ 13-13, ਦਿੱਲੀ ਵਿਚ 11 ਅਤੇ ਜੰਮੂ ਕਸ਼ਮੀਰ ਤੇ ਉੜੀਸਾ ਵਿਚ ਨੌਂ-ਨੌਂ ਮਰੀਜ਼ਾਂ ਦੀ ਮੌਤ ਹੋਈ।
ਬਿਹਾਰ ਅਤੇ ਝਾਰਖੰਡ ਵਿਚ ਅੱਠ-ਅੱਠ, ਹਰਿਆਣਾ, ਕੇਰਲਾ ਅਤੇ ਪੁਡੂਚੇਰੀ ਵਿਚ ਸੱਤ-ਸੱਤ, ਆਸਾਮ ਵਿਚ ਛੇ, ਗੋਆ ਵਿਚ ਚਾਰ, ਉਤਰਾਖੰਡ ਵਿਚ ਤਿੰਨ, ਅੰਡੇਮਾਨ ਅਤੇ ਛੱਤੀਸਗੜ੍ਹ ਵਿਚ ਦੋ ਦੋ ਅਤੇ ਨਾਗਾਲੈਂਡ ਤੇ ਤ੍ਰਿਪੁਰਾ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ। ਕੁਲ 40699 ਮੌਤਾਂ ਵਿਚੋਂ ਮਹਾਰਾਸ਼ਟਰ ਵਿਚ 16476, ਤਾਮਿਲਨਾਡੂ ਵਿਚ 4461, ਦਿੱਲੀ ਵਿਚ 4044, ਕਰਨਾਟਕ ਵਿਚ 2804, ਗੁਜਰਾਤ ਵਿਚ 2556, ਯੂਪੀ ਵਿਚ 1857, ਪਛਮੀ ਬੰਗਾਲ ਵਿਚ 1846, ਆਂਧਰਾ ਪ੍ਰਦੇਸ਼ ਵਿਚ 1681 ਅਤੇ ਮੱਧ ਪ੍ਰਦੇਸ਼ ਵਿਚ 929 ਮਰੀਜ਼ਾਂ ਦੀ ਮੌਤ ਹੋਈ।
ਕੋਰੋਨਾ ਵਾਇਰਸ ਮੌਤ ਦਰ ਨੂੰ ਘਟਾਉਣ ਵਿਚ ਪਲਾਜ਼ਮਾ ਥੈਰੇਪੀ ਤੋਂ ਫ਼ਾਇਦਾ ਨਹੀਂ : ਵਿਸ਼ਲੇਸ਼ਣ
ਨਵੀਂ ਦਿੱਲੀ, 6 ਅਗੱਸਤ : ਕੋਰੋਨਾ ਵਾਇਰਸ ਤੋਂ ਠੀਕ ਹੋ ਚੁਕੇ ਮਰੀਜ਼ਾਂ ਦੇ ਪਲਾਜ਼ਮਾ ਥੈਰੇਪੀ ਤੋਂ ਕੋਵਿਡ-19 ਰੋਗੀਆਂ ਦਾ ਇਲਾਜ ਕੀਤੇ ਜਾਣ ਨਾਲ ਵੀ ਮੌਤ ਦਰ ਵਿਚ ਕਮੀ ਨਹੀਂ ਆ ਰਹੀ। ਇਲਾਜ ਦੇ ਇਸ ਤਰੀਕੇ ਦੇ ਅਸਰ ਦਾ ਵਿਸ਼ਲੇਸ਼ਣ ਕਰਨ ਲਈ ਏਮਜ਼ ਵਿਚ ਕੀਤੇ ਗਏ ਅੰਤਰਮ ਤਜਰਬਾ ਵਿਸ਼ਲੇਸ਼ਣ ਵਿਚ ਇਹ ਗੱਲ ਸਾਹਮਣੇ ਆਈ ਹੈ। ਇਸ ਇਲਾਜ ਤਹਿਤ ਕੋਵਿਡ-19 ਤੋਂ ਠੀਕ ਹੋ ਚੁਕੇ ਮਰੀਜ਼ਾਂ ਦੇ ਖ਼ੂਨ ਵਿਚ ਐਂਟੀਬਾਡੀਜ਼ ਲਿਆ ਜਾਂਦਾ ਹੈ ਅਤੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ ਨੂੰ ਚੜ੍ਹਾਇਆ ਜਾਂਦਾ ਹੈ ਤਾਕਿ ਉਸ ਦੀ ਰੋਗਾਂ ਨਾਲ ਲੜਨ ਵਾਲੀ ਤਾਕਤ ਨੂੰ ਵਾਇਰਸ ਨਾਲ ਲੜਨ ਵਿਚ ਤੁਰਤ ਮਦਦ ਮਿਲ ਸਕੇ।
File Photo
ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਦਸਿਆ ਕਿ ਕੋਵਿਡ-19 ਦੇ 30 ਰੋਗੀਆਂ ਵਿਚਾਲੇ ਪਰਖ ਦੌਰਾਨ ਪਲਾਜ਼ਮਾ ਥੈਰੇਪੀ ਦਾ ਕੋਈ ਜ਼ਿਆਦਾ ਫ਼ਾਇਦਾ ਨਜ਼ਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪਰਖ ਦੌਰਾਨ ਇਕ ਗਰੁਪ ਨੂੰ ਇਲਾਜ ਨਾਲ ਪਲਾਜ਼ਮਾ ਥੈਰੇਪੀ ਦਿਤੀ ਗਈ ਜਦਕਿ ਦੂਜੇ ਸਮੂਹ ਨੂੰ ਇਲਾਜ ਦਿਤਾ ਗਿਆ। ਦੋਹਾਂ ਗਰੁਪਾਂ ਵਿਚ ਮੌਤ ਦਰ ਬਰਾਬਰ ਰਹੀ ਅਤੇ ਰੋਗੀਆਂ ਦੀ ਹਾਲਤ ਵਿਚ ਜ਼ਿਆਦਾ ਕਲੀਨਿਕਲ ਸੁਧਾਰ ਨਹੀਂ ਆਇਆ। ਡਾ. ਗੁਲੇਰੀਆ ਨੇ ਦਸਿਆ, 'ਇਹ ਸਿਰਫ਼ ਅੰਤਰਮ ਵਿਸ਼ਲੇਸ਼ਣ ਹੈ ਅਤੇ ਸਾਨੂੰ ਜ਼ਿਆਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਕਿ ਕਿਸੇ ਉਪ ਸਮੂਹ ਨੂੰ ਪਲਾਜ਼ਮਾ ਥੈਰੇਪੀ ਤੋਂ ਫ਼ਾਇਦਾ ਹੁੰਦਾ ਹੈ।' ਉਨ੍ਹਾਂ ਕਿਹਾ ਕਿ ਪਲਾਜ਼ਮਾ ਦੀ ਵੀ ਸੁਰੱਖਿਆ ਦੀ ਜਾਂਚ ਹੋਣੀ ਚਾਹੀਦੀ ਹੈ
ਅਤੇ ਇਸ ਵਿਚ ਲੋੜੀਂਦੀ ਐਂਟੀਬਾਡੀ ਹੋਣੀ ਚਾਹੀਦੀ ਹੈ ਜੋ ਕੋਵਿਡ-19 ਰੋਗੀਆਂ ਲਈ ਲਾਹੇਵੰਦ ਹੋਵੇ। ਕੋਵਿਡ-19 ਬਾਰੇ ਬੁਧਵਾਰ ਨੂੰ ਤੀਜੇ ਨੈਸ਼ਨਲ ਕਲੀਨਿਕਲ ਗਰੈਂਡ ਰਾਊਂਡਸ 'ਤੇ ਹੋਈ ਚਰਚਾ ਵਿਚ ਪਲਾਜ਼ਮਾ ਥੈਰੇਪੀ ਦਾ ਕੋਰੋਨਾ ਵਾਇਰਸ ਤੋਂ ਪੀੜਤ ਰੋਗੀਆਂ 'ਤੇ ਹੋਣ ਵਾਲੇ ਅਸਰ ਬਾਰੇ ਚਰਚਾ ਹੋਈ। ਵੈਬੀਨਾਰ ਵਿਚ ਏਮਜ਼ ਦੇ ਮੈਡੀਸਨ ਵਿਭਾਗ ਵਿਚ ਵਧੀਕ ਪ੍ਰੋਫ਼ੈਸਰ ਡਾ. ਮੋਨੀਸ਼ ਸੋਨੇਜਾ ਨੇ ਕਿਹਾ, 'ਪਲਾਜ਼ਮਾ ਸੁਰੱਖਿਅਤ ਹੈ। ਜਿਥੇ ਤਕ ਇਸ ਦੇ ਅਸਰ ਦੀ ਗੱਲ ਹੈ ਤਾਂ ਸਾਨੂੰ ਹੁਣ ਵੀ ਹਰੀ ਝੰਡੀ ਨਹੀਂ ਮਿਲੀ। ਇਸ ਲਈ ਕਲੀਨਿਕਲ ਵਰਤੋਂ ਢੁਕਵੀਂ ਹੈ ਅਤੇ ਕੌਮੀ ਦਿਸ਼ਾ-ਨਿਰਦੇਸ਼ਾਂ ਦੇ ਦਾਇਰੇ ਵਿਚ ਹੈ।'