AEPC ਨੇ ਇਹ ਵੀ ਕਿਹਾ ਕਿ ਖਰੀਦਦਾਰ ਬੰਗਲਾਦੇਸ਼ ਵਿਚ ਅਸ਼ਾਂਤੀ ਤੋਂ ਬਹੁਤ ਚਿੰਤਤ ਹਨ
Bangladesh : ਬੰਗਲਾਦੇਸ਼ ’ਚ ਨਾਗਰਿਕ ਅਸ਼ਾਂਤੀ ਦੇ ਮੱਦੇਨਜ਼ਰ ਖਰੀਦਦਾਰ ਉਦੋਂ ਤਕ ਭਾਰਤ ’ਚ ਆਰਡਰ ਦੇਣ ਤੋਂ ਝਿਜਕਦੇ ਰਹਿਣਗੇ, ਜਦੋਂ ਤਕ ਨਰਿੰਦਰ ਮੋਦੀ ਸਰਕਾਰ ਅਪਣੀਆਂ ਦਰਾਮਦ ਨੀਤੀਆਂ ’ਚ ਬਦਲਾਅ ਨਹੀਂ ਕਰਦੀ ਤਾਂ ਜੋ ਆਯਾਤ ਕੀਤੇ ਗਏ ਮਨੁੱਖ-ਨਿਰਮਿਤ ਕਪੜੇ, ਟ੍ਰਿਮ ਅਤੇ ਉਪਕਰਣਾਂ ਤਕ ਵਧੇਰੇ ਅਤੇ ਆਸਾਨ ਪਹੁੰਚ ਦੀ ਇਜਾਜ਼ਤ ਦਿਤੀ ਜਾ ਸਕੇ।
ਏ.ਈ.ਪੀ.ਸੀ. ਨੇ ਇਹ ਵੀ ਕਿਹਾ ਕਿ ਖਰੀਦਦਾਰ ਬੰਗਲਾਦੇਸ਼ ਵਿਚ ਅਸ਼ਾਂਤੀ ਤੋਂ ਬਹੁਤ ਚਿੰਤਤ ਹਨ ਅਤੇ ਉਨ੍ਹਾਂ ਕੋਲ ਦੇਸ਼ ਤੋਂ ਅਪਣੇ ਆਰਡਰ ਵਾਪਸ ਲੈਣ ਅਤੇ ਘੱਟੋ-ਘੱਟ ਥੋੜ੍ਹੇ ਸਮੇਂ ਲਈ ਉਨ੍ਹਾਂ ਨੂੰ ਕਿਤੇ ਹੋਰ ਰੱਖਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ।
ਏ.ਈ.ਪੀ.ਸੀ. ਦੇ ਚੇਅਰਮੈਨ ਸੁਧੀਰ ਸੇਖੜੀ ਨੇ ਕਿਹਾ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਆਰਡਰ ਮਨੁੱਖ-ਨਿਰਮਿਤ ਕੱਪੜਿਆਂ ਲਈ ਹਨ ਜੋ ਚੀਨ, ਦਖਣੀ ਕੋਰੀਆ ਅਤੇ ਇੱਥੋਂ ਤਕ ਕਿ ਯੂਰਪ ਦੇ ਖਰੀਦਦਾਰਾਂ ਵਲੋਂ ਨਾਮਜ਼ਦ ਸਰੋਤਾਂ ਤੋਂ ਖਰੀਦੇ ਗਏ ਹਨ।
ਉਨ੍ਹਾਂ ਕਿਹਾ, ‘‘ਭਾਰਤ ਦੀਆਂ ਮੌਜੂਦਾ ਆਯਾਤ ਨੀਤੀਆਂ ਨੂੰ ਵੇਖਦੇ ਹੋਏ ਇਨ੍ਹਾਂ ਸ਼ਾਰਟ-ਡਿਲੀਵਰੀ ਆਰਡਰਾਂ ਨੂੰ ਵਿਸ਼ੇਸ਼ ਆਯਾਤ ਕੀਤੇ ਕਪੜਿਆਂ ਦੀ ਵਰਤੋਂ ਕਰ ਕੇ ਭਾਰਤ ਲਿਜਾਣਾ ਸੰਭਵ ਨਹੀਂ ਹੈ। ਸਿਰਫ ਭਾਰਤੀ ਮੂਲ ਦੇ ਕਪੜਿਆਂ ਦੇ ਆਰਡਰ ਭਾਰਤੀ ਫੈਕਟਰੀਆਂ ਨੂੰ ਤਬਦੀਲ ਕੀਤੇ ਜਾਣ ਦੀ ਉਮੀਦ ਹੈ।’’
ਏ.ਈ.ਪੀ.ਸੀ. ਦੇ ਚੇਅਰਮੈਨ ਨੇ ਕਿਹਾ ਕਿ ਜਦੋਂ ਤਕ ਭਾਰਤ ਸਰਕਾਰ ਆਯਾਤ ਕੀਤੇ ਮਨੁੱਖ-ਨਿਰਮਿਤ ਕਪੜਿਆਂ, ਟ੍ਰਿਮਾਂ ਅਤੇ ਉਪਕਰਣਾਂ ਦੀ ਵਧੇਰੇ ਅਤੇ ਆਸਾਨ ਪਹੁੰਚ ਦੀ ਇਜਾਜ਼ਤ ਦੇਣ ਲਈ ਅਪਣੀਆਂ ਆਯਾਤ ਨੀਤੀਆਂ ’ਚ ਤਬਦੀਲੀ ਨਹੀਂ ਕਰਦੀ, ਖਰੀਦਦਾਰ ਭਾਰਤ ’ਚ ਅਪਣੇ ਆਰਡਰ ਦੇਣ ਤੋਂ ਝਿਜਕਦੇ ਰਹਿਣਗੇ।
ਉਨ੍ਹਾਂ ਕਿਹਾ, ‘‘ਲੰਮੇ ਸਮੇਂ ’ਚ ਖਰੀਦਦਾਰਾਂ ਨੂੰ ਬੰਗਲਾਦੇਸ਼ ’ਤੇ ਜ਼ਿਆਦਾ ਨਿਰਭਰ ਹੋਣ ’ਤੇ ਸ਼ੱਕ ਹੋਵੇਗਾ।’’ਬੰਗਲਾਦੇਸ਼ 1971 ਵਿਚ ਆਜ਼ਾਦੀ ਤੋਂ ਬਾਅਦ ਅਪਣੇ ਸੱਭ ਤੋਂ ਭੈੜੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸ਼ੇਖ ਹਸੀਨਾ ਨੂੰ ਨੌਕਰੀਆਂ ਦੇ ਕੋਟੇ ਨੂੰ ਲੈ ਕੇ ਸੜਕਾਂ ’ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ ਹੈ।