ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰ ਦਿਤਾ ਜਾਵੇਗਾ : ਅਮਿਤ ਸ਼ਾਹ
Jammu-Kashmir election : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਭਰੋਸਾ ਦਿਤਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ’ਚ ਕੌਮੀ ਝੰਡੇ ਅਤੇ ਸੰਵਿਧਾਨ ਦੇ ਤਹਿਤ ਇਹ ਪਹਿਲੀ ਵਿਧਾਨ ਸਭਾ ਚੋਣ ਹੋਵੇਗੀ।
ਸ਼ਾਹ ਨੇ ਕਾਂਗਰਸ-ਨੈਸ਼ਨਲ ਕਾਨਫਰੰਸ ਗਠਜੋੜ ’ਤੇ ਪੁਰਾਣੀ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ, ‘‘ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਸਰਕਾਰ ਅਤਿਵਾਦ ਨੂੰ ਦੁਬਾਰਾ ਸਿਰ ਨਹੀਂ ਚੁੱਕਣ ਦੇਵੇਗੀ ਅਤੇ ਗੁੱਜਰਾਂ, ਪਹਾੜੀਆਂ, ਬੱਕਰਵਾਲਾਂ ਅਤੇ ਦਲਿਤਾਂ ਸਮੇਤ ਕਿਸੇ ਵੀ ਭਾਈਚਾਰੇ ਨਾਲ ਬੇਇਨਸਾਫੀ ਨਹੀਂ ਹੋਣ ਦੇਵੇਗੀ, ਜਿਨ੍ਹਾਂ ਨੂੰ ਭਾਜਪਾ ਸਰਕਾਰ ਨੇ ਰਾਖਵਾਂਕਰਨ ਦਿਤਾ ਹੈ।’’
ਸ਼ਾਹ 18 ਸਤੰਬਰ ਨੂੰ ਹੋਣ ਵਾਲੀਆਂ ਤਿੰਨ ਪੜਾਵਾਂ ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਚੋਣ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਜੰਮੂ ਦੇ ਦੋ ਦਿਨਾਂ ਦੌਰੇ ’ਤੇ ਹਨ।
ਉਨ੍ਹਾਂ ਨੇ ਸ਼ੁਕਰਵਾਰ ਨੂੰ ਦੌਰੇ ਦੇ ਪਹਿਲੇ ਦਿਨ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ ਅਤੇ ਮੁਹਿੰਮ ਦੀ ਰਣਨੀਤੀ ’ਤੇ ਚਰਚਾ ਕਰਨ ਲਈ ਸੀਨੀਅਰ ਮੰਤਰੀਆਂ ਨਾਲ ਦੋ ਮਹੱਤਵਪੂਰਨ ਬੈਠਕਾਂ ਦੀ ਪ੍ਰਧਾਨਗੀ ਕੀਤੀ।
ਗ੍ਰਹਿ ਮੰਤਰੀ ਨੇ ਇਥੇ ਭਾਜਪਾ ਕਾਰਕੁਨਾਂ ਦੀ ਇਕ ਰੈਲੀ ’ਚ ਕਿਹਾ, ‘‘ਜੰਮੂ-ਕਸ਼ਮੀਰ ’ਚ ਆਉਣ ਵਾਲੀਆਂ ਚੋਣਾਂ ਇਤਿਹਾਸਕ ਹਨ ਕਿਉਂਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇੱਥੇ ਸਾਡੇ ਕੌਮੀ ਝੰਡੇ ਅਤੇ ਸੰਵਿਧਾਨ ਦੇ ਤਹਿਤ ਚੋਣਾਂ ਹੋ ਰਹੀਆਂ ਹਨ, ਜਦਕਿ ਪਹਿਲਾਂ ਚੋਣਾਂ ਦੋ ਝੰਡਿਆਂ ਹੇਠ ਅਤੇ ਦੋ ਸੰਵਿਧਾਨ ਦੇ ਤਹਿਤ ਹੁੰਦੀਆਂ ਸਨ। ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਸਾਡੇ ਕੋਲ ਸਿਰਫ ਇਕ ਹੀ ਪ੍ਰਧਾਨ ਮੰਤਰੀ ਹੈ ਅਤੇ ਉਹ ਹੈ ਨਰਿੰਦਰ ਮੋਦੀ।’’
ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ’ਤੇ ਨਿਸ਼ਾਨਾ ਵਿੰਨ੍ਹਿਦਿਆਂ ਸ਼ਾਹ ਨੇ ਦੋਸ਼ ਲਾਇਆ ਕਿ ਉਹ ਇਕ ਵਾਰ ਫਿਰ ਜੰਮੂ-ਕਸ਼ਮੀਰ ਨੂੰ ਅਤਿਵਾਦ ਦੀ ਅੱਗ ’ਚ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਅਤਿਵਾਦ ਦੀਆਂ ਘਟਨਾਵਾਂ ’ਚ 70 ਫੀ ਸਦੀ ਦੀ ਕਮੀ ਲਿਆਂਦੀ ਹੈ।
ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਕਿਹਾ, ‘‘ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੂੰ ਜੰਮੂ-ਕਸ਼ਮੀਰ ’ਚ ਕਦੇ ਵੀ ਸਰਕਾਰ ਨਹੀਂ ਬਣਾਉਣੀ ਚਾਹੀਦੀ।’’ ਸ਼ਾਹ ਨੇ ਭਾਜਪਾ ਵਰਕਰਾਂ ਨੂੰ ਅਗਲੀ ਸਰਕਾਰ ਬਣਾਉਣ ਲਈ ਪਾਰਟੀ ਉਮੀਦਵਾਰਾਂ ਦੀ ਸਫਲਤਾ ਨੂੰ ਯਕੀਨੀ ਬਣਾਉਣ ਦਾ ਸੱਦਾ ਦਿਤਾ।