
ਕੌਮੀ ਪੁਰਸਕਾਰ ਜੇਤੂ ਅਧਿਆਪਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਨੌਜੁਆਨ ਵਿਦਿਆਰਥੀਆਂ ਨੂੰ ਭਾਰਤ ਦੇ ਵਿਕਾਸ ਲਈ ਤਿਆਰ ਕਰ ਸਕਦੇ ਹਨ
PM Modi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਵੀਨਤਾਕਾਰੀ ਤਰੀਕਿਆਂ ਨੂੰ ਅਪਣਾਉਣ ਵਾਲੇ ਹੁਨਰਮੰਦ ਅਧਿਆਪਕਾਂ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੌਮੀ ਪੁਰਸਕਾਰ ਜੇਤੂ ਅਧਿਆਪਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਨੌਜੁਆਨ ਵਿਦਿਆਰਥੀਆਂ ਨੂੰ ਭਾਰਤ ਦੇ ਵਿਕਾਸ ਲਈ ਤਿਆਰ ਕਰ ਸਕਦੇ ਹਨ। ਇਹ ਗੱਲਬਾਤ ਸ਼ੁਕਰਵਾਰ ਨੂੰ ਹੋਈ ਸੀ, ਜਦਕਿ ਵੀਡੀਉ ਸਨਿਚਰਵਾਰ ਨੂੰ ਸਾਂਝਾ ਕੀਤਾ ਗਿਆ ਸੀ।
ਮੋਦੀ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਉਨ੍ਹਾਂ ਥਾਵਾਂ ਬਾਰੇ ਜਾਣਨ ਲਈ ਉਤਸ਼ਾਹਤ ਕਰ ਸਕਦੇ ਹਨ ਜਿੱਥੇ ਉਹ ਸਿੱਖਿਆ ਸੈਰ-ਸਪਾਟਾ ਅਧੀਨ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਅਧਿਆਪਕ ਦੇਸ਼ ਦੇ ਚੋਟੀ ਦੇ 100 ਸੈਰ-ਸਪਾਟਾ ਸਥਾਨਾਂ ਦੀ ਚੋਣ ਕਰਨ ਲਈ ਵਿਦਿਆਰਥੀਆਂ ਦੀ ਮਦਦ ਲੈ ਸਕਦੇ ਹਨ।
ਮੋਦੀ ਨੇ ਕਿਹਾ ਕਿ ਅਧਿਆਪਕਾਂ ਦੀ ਚੋਣ ਲੰਬੀ ਪ੍ਰਕਿਰਿਆ ਤੋਂ ਬਾਅਦ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਦੇ ਯਤਨ ਕੌਮੀ ਸਿੱਖਿਆ ਨੀਤੀ (ਐਨ.ਈ.ਪੀ.) ’ਚ ਲਾਭਦਾਇਕ ਹੋ ਸਕਦੇ ਹਨ।
ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਅਪਣੇ ਵਿਦਿਆਰਥੀਆਂ ਨੂੰ ਖੇਡ ਮੁਕਾਬਲੇ ਵਿਖਾ ਉਣ ਲਈ ਨੇੜਲੀਆਂ ਯੂਨੀਵਰਸਿਟੀਆਂ ’ਚ ਲੈ ਜਾਣ ਕਿਉਂਕਿ ਇਹ ਤਜਰਬਾ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ’ਚ ਸਹਾਇਤਾ ਕਰ ਸਕਦਾ ਹੈ।
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਭਰ ਤੋਂ ਕੁਲ 82 ਅਧਿਆਪਕਾਂ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ। ਇਨ੍ਹਾਂ ’ਚ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ 50, ਉੱਚ ਸਿੱਖਿਆ ਵਿਭਾਗ ਦੇ 16 ਅਤੇ ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ 16 ਅਧਿਆਪਕ ਸ਼ਾਮਲ ਹਨ।