
ਖੁਰਾਕ ਅਤੇ ਸੁਰੱਖਿਆ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਕਾਰਵਾਈ
ਸ੍ਰੀਨਗਰ : ਸ੍ਰੀਨਗਰ ਹਵਾਈ ਅੱਡੇ ’ਤੇ ਖੁਰਾਕ, ਸੁਰੱਖਿਆ ਵਿਭਾਗ ਅਤੇ ਵਿਕਰੀ ਕਰ ਵਿਭਾਗ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਲਗਭਗ 340 ਕਿਲੋਗ੍ਰਾਮ ਬਿਨਾਂ ਲੇਬਲ ਵਾਲੇ ਮੀਟ ਦੀ ਖੇਪ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਖੇਪ ਸ੍ਰੀਨਗਰ ਸਥਿਤ ਇੱਕ ਡੀਲਰ ਵੱਲੋਂ ਹਵਾਈ ਕਾਰਗੋ ਰਾਹੀਂ ਬੁੱਕ ਕੀਤੀ ਗਈ ਸੀ।
ਕਾਰਗੋ ਸੈਕਸ਼ਨ ਨੇ ਚੈਕਿੰਗ ਦੌਰਾਨ 340 ਕਿਲੋਗ੍ਰਾਮ ਬਿਨਾਂ ਲੇਬਲ ਵਾਲਾ ਮੀਟ ਮਿਲਿਆ ਜਿਸ ਨੂੰ ਮੌਕੇ ’ਤੇ ਹੀ ਜ਼ਬਤ ਕਰ ਲਿਆ ਗਿਆ। ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਮਿਸ਼ਨਰ ਫੂਡ ਐਂਡ ਡਰੱਗ ਕੰਟਰੋਲਰ ਜੰਮੂ-ਕਸ਼ਮੀਰ ਸਮਿਤੀ ਸੇਠੀ ਨੇ ਦੱਸਿਆ ਕਿ ਕਾਰਵਾਈ ਜਾਰੀ ਹੈ ਅਤੇ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ।
ਇਸ ਤੋਂ ਪਹਿਲਾਂ ਅਗਸਤ ’ਚ ਖੁਰਾਕ ਸੁਰੱਖਿਆ ਵਿਭਾਗ ਨੇ ਸ੍ਰੀਨਗਰ ਅਤੇ ਹੋਰ ਜ਼ਿਲਿ੍ਹਆਂ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ ਸਨ, ਜਿਸ ਦੌਰਾਨ ਲਗਭਗ 12,000 ਕਿਲੋਗ੍ਰਾਮ ਘਟੀਆ ਅਤੇ ਗਲਤ ਬ੍ਰਾਂਡ ਵਾਲੇ ਭੋਜਨ ਪਦਾਰਥ ਨਸ਼ਟ ਕਰ ਦਿੱਤੇ ਗਏ ਸਨ। ਅਜਿਹੀ ਹੀ ਇੱਕ ਮੁਹਿੰਮ ਤਹਿਤ ਟੀਮਾਂ ਨੇ ਸ਼੍ਰੀਨਗਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਅਣ-ਸਵੱਛ ਮੀਟ ਅਤੇ ਬੇਕਰੀ ਦੀਆਂ ਚੀਜ਼ਾਂ ਦਾ ਵੱਡਾ ਸਟਾਕ ਜ਼ਬਤ ਕੀਤਾ, ਜਦਕਿ ਭੋਜਨ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਕਈ ਡੀਲਰਾਂ ਨੂੰ ਨੋਟਿਸ ਭੇਜੇ ਗਏ। ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਜੰਮੂ ਅਤੇ ਕਸ਼ਮੀਰ ਵਿੱਚ ਸੁਰੱਖਿਅਤ ਅਤੇ ਸਵੱਛ ਭੋਜਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਇੱਕ ਤੇਜ਼ ਕਾਰਵਾਈ ਦਾ ਹਿੱਸਾ ਹੈ।