
ਦੋ ਮਹੀਨੇ ਪਹਿਲਾਂ ਰਾਧਿਕਾ ਦਾ ਪਿਤਾ ਵੱਲੋਂ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ਕਤਲ
Radhika murder case news : 25 ਸਾਲਾ ਜੂਨੀਅਰ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੀ 10 ਜੁਲਾਈ ਨੂੰ ਉਸਦੇ ਪਿਤਾ ਦੀਪਕ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ’ਚ ਗੁਰੂਗ੍ਰਾਮ ਪੁਲਿਸ ਵੱਲੋਂ ਦੋ ਮਹੀਨਿਆਂ ਮਗਰੋਂ ਵੀਰਵਾਰ ਨੂੰ ਇੱਕ ਸਥਾਨਕ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ।
ਸੂਤਰਾਂ ਅਨੁਸਾਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੀਪਕ ਨੇ ਆਪਣੀ ਧੀ ਨੂੰ ਇੱਕ ਬਹਿਸ ਤੋਂ ਬਾਅਦ ਮਾਰ ਦਿੱਤਾ ਸੀ, ਜਦੋਂ ਉਸ ਨੇ ਰਾਧਿਕਾ ਨੂੰ ਕੋਚਿੰਗ ਛੱਡਣ ਲਈ ਕਿਹਾ ਸੀ, ਜਦਕਿ ਪਿਤਾ ਦੀਪਕ ਨੇ ਰਾਧਿਕਾ ਨੂੰ ਟੈਨਿਸ ਖਿਡਾਰੀ ਬਣਾਉਣ ਲਈ ਕਾਫ਼ੀ ਖਰਚਾ ਕੀਤਾ ਸੀ। ਪਰ ਹੁਣ ਉਹ ਆਪਣੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੇ ਟੌਂਟਸ ਤੋਂ ਬਹੁਤ ਪ੍ਰੇਸ਼ਾਨ ਅਤੇ ਦੁਖੀ ਸੀ ਕਿਉਂਕਿ ਉਹ ਆਪਣੀ ਧੀ ’ਤੇ ਵਿੱਤੀ ਤੌਰ ’ਤੇ ਨਿਰਭਰ ਸੀ। ਇਹ ਘਟਨਾ ਗੁਰੂਗ੍ਰਾਮ ਦੇ ਸੈਕਟਰ 57 ਵਾਲੇ ਘਰ ਵਿੱਚ ਵਾਪਰੀ ਸੀ। ਟੈਨਿਸ ਖਿਡਾਰਨ ਰਾਧਿਕਾ ਰਸੋਈ ਵਿੱਚ ਕੰਮ ਕਰ ਰਹੀ ਸੀ ਅਤੇ ਉਸ ਦੇ ਪਿਤਾ ਦੀਪਕ ਨੇ ਅਚਾਨਕ ਆਪਣੀ ਬੰਦੂਕ ਕੱਢੀ ਅਤੇ ਰਾਧਿਕਾ ਨੂੰ ਚਾਰ ਗੋਲੀਆਂ ਮਾਰ ਦਿੱਤੀਆਂ।
ਘਰ ਵਿੱਚ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਸੋਚਿਆ ਕਿ ਕੁੱਕਰ ਫਟ ਗਿਆ ਹੈ। ਰਾਧਿਕਾ ਦੀ ਮਾਂ ਉਸ ਸਮੇਂ ਹੇਠਾਂ ਸੀ ਅਤੇ ਜਦੋਂ ਉਹ ਗੋਲੀਆਂ ਦੀ ਆਵਾਜ਼ ਸੁਣ ਕੇ ਉੱਪਰ ਵੱਲ ਭੱਜੀ ਅਤੇ ਉਸ ਨੇ ਉਪਰ ਜਾ ਕੇ ਦੇਖਿਆ ਕਿ ਰਾਧਿਕਾ ਖੂਨ ਨਾਲ ਲੱਥਪੱਥ ਪਈ ਸੀ। ਗੁਆਂਢੀਆਂ ਦੀ ਮਦਦ ਨਾਲ ਰਾਧਿਕਾ ਨੂੰ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰਾਧਿਕਾ ਕੇ ਭਰਾ ਕੁਲਦੀਪ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਰਾਧਿਕਾ ਦੇ ਪਿਤ 49 ਸਾਲਾ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ’ਤੇ ਕਤਲ ਦਾ ਆਰੋਪ ਲਗਾਇਆ ਗਿਆ।