
ਘਰ ਦੇ ਬਾਹਰ ਬੈਠੇ ਭਾਜਪਾ ਨੇਤਾ ’ਤੇ ਵਰ੍ਹਾਈਆਂ ਗੋਲੀਆਂ
ਮੁੰਬਈ: ਚੋਣਾਂ ਤੋਂ ਪਹਿਲਾਂ ਮਹਾਰਾਸ਼ਟਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਭੁਸਾਵਲ ਸ਼ਹਿਰ ਵਿਚ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਭਾਜਪਾ ਦੇ ਨਗਰ ਸੇਵਕ ਰਵਿੰਦਰ ਖਰਾਤ ਅਤੇ ਉਸ ਦੇ ਚਾਰ ਪਰਿਵਾਰਕ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਹਮਲੇ ਵਿਚ ਭਾਜਪਾ ਨੇਤਾ ਖ਼ਰਾਤ, ਉਨ੍ਹਾਂ ਦੇ ਦੋਵੇਂ ਬੇਟੇ, ਉਨ੍ਹਾਂ ਦੇ ਭਰਾ ਅਤੇ ਉਨ੍ਹਾਂ ਦੇ ਦੋਸਤ ਦੀ ਜਾਨ ਚਲੀ ਗਈ, ਜਦਕਿ ਭਾਜਪਾ ਨੇਤਾ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ।
BJP leader Ravindra Kharat, family members shot dead
ਪੰਜ ਕਤਲਾਂ ਦੀ ਇਸ ਵੱਡੀ ਘਟਨਾ ਨੇ ਪੂਰੇ ਭੁਸਾਵਲ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਣਕਾਰੀ ਅਨੁਸਾਰ ਘਟਨਾ ਕਰੀਬ ਰਾਤ 9 ਵਜੇ ਦੀ ਦੱਸੀ ਜਾ ਰਹੀ ਹੈ, ਜਦੋਂ ਭਾਜਪਾ ਨੇਤਾ ਰਵਿੰਦਰ ਖਰਾਤ ਸ਼ਹਿਰ ਦੇ ਸਮਤਾ ਨਗਰ ਸਥਿਤ ਅਪਣੇ ਘਰ ਦੇ ਬਾਹਰ ਬੈਠੇ ਹੋਏ ਸਨ। ਇੰਨੇ ਵਿਚ ਦੋ ਲੋਕਾਂ ਨੇ ਉਨ੍ਹਾਂ ਨੂੰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲੀ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਭਰਾ ਸੁਨੀਲ ਬਾਬੂ ਖਰਾਤ ਬਾਹਰ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਵੀ ਗੋਲੀਆਂ ਚਲਾ ਦਿੱਤੀਆਂ।
Ravindra Kharat
ਸੁਨੀਲ ਜਾਨ ਬਚਾਉਣ ਲਈ ਨਾਲ ਦੇ ਘਰ ਵਿਚ ਦਾਖ਼ਲ ਹੋ ਗਏ, ਪਰ ਹਮਲਾਵਰਾਂ ਨੇ ਉਥੇ ਪਹੁੰਚ ਕੇ ਹੀ ਸੁਨੀਲ ’ਤੇ ਚਾਕੂਆਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹੀ ਨਹੀਂ ਹਮਲਾਵਰਾਂ ਨੇ ਬਾਅਦ ਵਿਚ ਰਵਿੰਦਰ ਖਰਾਤ ਦੇ ਦੋਵੇਂ ਬੇਟਿਆਂ ਰੋਹਿਤ ਅਤੇ ਪ੍ਰੇਮ ਸਾਗਰ ਦੇ ਨਾਲ-ਨਾਲ ਉਨ੍ਹਾਂ ਦੇ ਇਕ ਦੋਸਤ ’ਤੇ ਵੀ ਚਾਕੂ ਨਾਲ ਹਮਲਾ ਬੋਲ ਦਿੱਤਾ ਅਤੇ ਫ਼ਰਾਰ ਹੋ ਗਏ। ਤਿੰਨੇ ਜ਼ਖ਼ਮੀਆਂ ਨੂੰ ਜਦੋਂ ਜਲਗਾਓਂ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਰਸਤੇ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਵਿਚ ਮ੍ਰਿਤਕ ਭਾਜਪਾ ਨੇਤਾ ਰਵਿੰਦਰ ਦੀ ਪਤਨੀ ਵੀ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
Police man
ਘਟਨਾ ਦੇ ਵਾਪਰਦਿਆਂ ਹੀ ਸਥਾਨਕ ਪੁਲਿਸ ਨੂੰ ਭਾਜੜਾਂ ਪੈ ਗਈਆਂ ਅਤੇ ਤੁਰੰਤ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਗਈ। ਘਟਨਾ ਦੇ ਕਰੀਬ ਅੱਧੇ ਘੰਟੇ ਮਗਰੋਂ ਹੀ ਜਲਗਾਓਂ ਪੁਲਿਸ ਨੇ 3 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਮੁਢਲੀ ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਆਪਸੀ ਰੰਜਿਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਫਿਲਹਾਲ ਇਸ ਵੱਡੀ ਘਟਨਾ ਮਗਰੋਂ ਪੂਰੇ ਭੁਸਾਵਲ ਸ਼ਹਿਰ ਵਿਚ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।