
12,000 ਕਰੋੜ ਦੇ 2,000 ਵਾਲੇ ਨੋਟ ਅਜੇ ਵੀ ਬੈਂਕਾਂ ’ਚ ਵਾਪਸ ਆਉਣੇ ਬਾਕੀ ਹਨ: ਦਾਸ
ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁਕਰਵਾਰ ਨੂੰ ਕਿਹਾ ਹੈ ਕਿ ਚਲਨ ਤੋਂ ਹਟਾਏ ਗਏ 2,000 ਰੁਪਏ ਦੇ ਨੋਟਾਂ ’ਚੋਂ 87 ਫੀ ਸਦੀ ਬੈਂਕਾਂ ਵਿਚ ਜਮ੍ਹਾਂ ਦੇ ਰੂਪ ਵਿਚ ਵਾਪਸ ਆ ਗਏ ਹਨ। ਬਾਕੀ ਨੂੰ ਹੋਰ ਮੁੱਲ ਦੇ ਨੋਟਾਂ ਨਾਲ ਬਦਲ ਦਿਤਾ ਗਿਆ ਹੈ।
ਹਰ ਦੋ ਮਹੀਨਿਆਂ ਬਾਅਦ ਹੋਣ ਵਾਲੀ ਮੁਦਰਾ ਨੀਤੀ ਸਮੀਖਿਆ ਦੇ ਐਲਾਨ ਤੋਂ ਬਾਅਦ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ, ਦਾਸ ਨੇ ਕਿਹਾ ਕਿ 19 ਮਈ, 2023 ਤਕ ਚਲਨ ’ਚ 2,000 ਰੁਪਏ ਦੇ 3.56 ਲੱਖ ਕਰੋੜ ਰੁਪਏ ਦੇ ਨੋਟਾਂ ’ਚੋਂ, 12,000 ਕਰੋੜ ਰੁਪਏ ਅਜੇ ਵੀ ਵਾਪਸ ਨਹੀਂ ਆਏ।
ਆਰ.ਬੀ.ਆਈ. ਨੇ ਪਿਛਲੇ ਸਨਿਚਰਵਾਰ ਨੂੰ ਕਿਹਾ ਸੀ ਕਿ 29 ਸਤੰਬਰ ਤਕ 3.42 ਲੱਖ ਕਰੋੜ ਰੁਪਏ ਦੇ ਨੋਟ ਵਾਪਸ ਆ ਚੁਕੇ ਹਨ, ਜਦਕਿ 14,000 ਕਰੋੜ ਰੁਪਏ ਦੇ ਨੋਟ ਅਜੇ ਵਾਪਸ ਆਉਣੇ ਬਾਕੀ ਹਨ। ਕੇਂਦਰੀ ਬੈਂਕ ਨੇ ਵੀ ਨੋਟ ਵਾਪਸ ਕਰਨ ਦੀ ਹੱਦ ਇਕ ਹਫ਼ਤੇ ਲਈ ਵਧਾ ਦਿਤੀ ਸੀ।