
ਅੰਕੜਿਆਂ ਮੁਤਾਬਕ 2022 'ਚ ਵੀ ਜੁਲਾਈ ਤੱਕ 6 ਕੇਂਦਰੀ ਬਲਾਂ 'ਚ 10,377 ਨੌਜਵਾਨਾਂ ਦੀ ਭਰਤੀ ਕੀਤੀ ਗਈ ਸੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਪਿਛਲੇ ਪੰਜ ਸਾਲਾਂ ਵਿਚ ਲਗਭਗ ਦੋ ਲੱਖ ਲੋਕਾਂ ਨੂੰ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਜਿਵੇਂ ਕਿ ਸੀਮਾ ਸੁਰੱਖਿਆ ਬਲ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਵਿਚ ਭਰਤੀ ਕੀਤਾ ਗਿਆ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਹਾਲਾਂਕਿ ਇਸ ਸਾਲ ਜੁਲਾਈ ਦੇ ਅੰਤ ਤੱਕ ਸੀਮਾ ਸੁਰੱਖਿਆ ਬਲ (ਬੀਐਸਐਫ), ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ), ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ), ਇੰਡੋ ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ), ਸਸ਼ਤਰ ਸੀਮਾ ਬਲ (ਐਸਐਸਬੀ) ਅਤੇ ਅਸਾਮ ਰਾਈਫਲਜ਼ (AR) ਕੋਲ ਅਜੇ ਵੀ 84,000 ਤੋਂ ਵੱਧ ਅਸਾਮੀਆਂ ਖਾਲੀ ਹਨ ਅਤੇ ਉਹਨਾਂ ਨੂੰ ਭਰਨ ਲਈ ਕਦਮ ਚੁੱਕੇ ਜਾ ਰਹੇ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ 2017 ਤੋਂ 2021 ਤੱਕ ਪਿਛਲੇ ਪੰਜ ਸਾਲਾਂ ਵਿਚ ਸਭ ਤੋਂ ਵੱਧ 1,13,208 ਨੌਜਵਾਨ ਸੀਆਰਪੀਐਫ ਵਿਚ, 29,243 ਐਸਐਸਬੀ ਵਿਚ ਅਤੇ 17,482 ਬੀਐਸਐਫ ਵਿਚ ਭਰਤੀ ਕੀਤੇ ਗਏ ਸਨ। ਪਿਛਲੇ ਪੰਜ ਸਾਲਾਂ ਵਿਚ ਸੀਆਈਐਸਐਫ ਵਿਚ 12,482, ਆਈਟੀਬੀਪੀ ਵਿਚ 5,965 ਅਤੇ ਅਸਾਮ ਰਾਈਫਲਜ਼ ਵਿਚ 5,938 ਨੌਜਵਾਨਾਂ ਦੀ ਭਰਤੀ ਕੀਤੀ ਗਈ।
ਅੰਕੜਿਆਂ ਮੁਤਾਬਕ 2022 'ਚ ਵੀ ਜੁਲਾਈ ਤੱਕ 6 ਕੇਂਦਰੀ ਬਲਾਂ 'ਚ 10,377 ਨੌਜਵਾਨਾਂ ਦੀ ਭਰਤੀ ਕੀਤੀ ਗਈ ਸੀ। ਸੀਆਰਪੀਐਫ ਵਿਚ 6,509, ਐਸਐਸਬੀ ਵਿਚ 1,945, ਬੀਐਸਐਫ ਵਿਚ 1,625, ਅਸਾਮ ਰਾਈਫਲਜ਼ ਵਿਚ 229 ਅਤੇ ਸੀਆਈਐਸਐਫ ਵਿਚ 69 ਨੌਜਵਾਨ ਭਰਤੀ ਕੀਤੇ ਗਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਅਕਤੂਬਰ ਨੂੰ ਇਕ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਦਾ ਉਦੇਸ਼ ਅਗਲੇ 18 ਮਹੀਨਿਆਂ ਵਿਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਵਿਚ 10 ਲੱਖ ਕਰਮਚਾਰੀਆਂ ਦੀ ਭਰਤੀ ਕਰਨਾ ਹੈ। 75,000 ਤੋਂ ਵੱਧ ਨਵ-ਨਿਯੁਕਤ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ।
ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ 31 ਜੁਲਾਈ 2022 ਤੱਕ ਛੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਵਿਚ 84,659 ਅਸਾਮੀਆਂ ਖਾਲੀ ਸਨ। ਇਹਨਾਂ ਵਿਚੋਂ ਸੀਆਰਪੀਐਫ ਵਿਚ 27,510, ਬੀਐਸਐਫ ਵਿਚ 23,435, ਸੀਆਈਐਸਐਫ ਵਿਚ 11,765, ਐਸਐਸਬੀ ਵਿਚ 11,143, ਅਸਾਮ ਰਾਈਫਲਜ਼ ਵਿਚ 6,044 ਅਤੇ ਆਈਟੀਬੀਪੀ ਵਿਚ 4,762 ਅਸਾਮੀਆਂ ਖਾਲੀ ਹਨ।